ਦਵਿੰਦਰ ਪਾਲ ਸਿੰਘ ਭੁੱਲਰ ਨੂੰ ਨਾ ਮਿਲੀ ਰਾਹਤ, High Court ਨੇ ਪੈਰੋਲ ਖਤਮ ਹੋਣ 'ਤੇ ਜੇਲ੍ਹ ’ਚ ਸਮਰਪਣ ਲਈ ਕਿਹਾ
Delhi HC asks 1993 blast convict Devinder Pal Singh Bhullar to surrender as parole expires
ਨਵੀਂ ਦਿੱਲੀ, 23 ਮਈ
ਦਿੱਲੀ ਹਾਈ ਕੋਰਟ ਨੇ 1993 ਦੇ ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਅੱਜ ਆਪਣੀ ਪੈਰੋਲ ਦੀ ਮਿਆਦ ਪੁੱਗਣ ਦੇ ਮੱਦੇਨਜ਼ਰ ਜੇਲ੍ਹ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਲਈ ਕਿਹਾ ਹੈ।
ਭੁੱਲਰ, ਜਿਸਦੀ ਪੈਰੋਲ ਦੀ ਮਿਆਦ ਸ਼ੁੱਕਰਵਾਰ ਨੂੰ ਖਤਮ ਹੋ ਰਹੀ ਸੀ, ਨੇ ਇਸ ਆਧਾਰ 'ਤੇ ਛੋਟ ਦੀ ਮੰਗ ਕੀਤੀ ਕਿ ਉਹ ਗੰਭੀਰ ਸ਼ਾਈਜ਼ੋਫਰੀਨੀਆ ਤੋਂ ਪੀੜਤ ਹੈ ਅਤੇ ਇਸ ਸਬੰਧੀ ਜ਼ੇਰੇ-ਇਲਾਜ ਹੈ।
ਜਸਟਿਸ ਗਿਰੀਸ਼ ਕਠਪਾਲੀਆ ਨੇ ਕਿਹਾ ਕਿ ਜੇਲ੍ਹ ਵਿੱਚ ਵੀ ਢੁਕਵਾਂ ਉਪਲਬਧ ਹੈ। ਜੱਜ ਨੇ ਭੁੱਲਰ ਦੇ ਵਕੀਲ ਨੂੰ ਕਿਹਾ "ਤੁਸੀਂ ਆਤਮ ਸਮਰਪਣ ਕਰੋ।" ਇਸ ਤੋਂ ਬਾਅਦ ਵਕੀਲ ਆਤਮ ਸਮਰਪਣ ਤੋਂ ਛੋਟ ਦੀ ਮੰਗ ਕਰਨ ਵਾਲੀ ਅਰਜ਼ੀ ਵਾਪਸ ਲੈਣ ਲਈ ਸਹਿਮਤ ਹੋ ਗਏ।
ਅਦਾਲਤ ਨੇ ਆਪਣੇ ਆਦੇਸ਼ ਵਿੱਚ ਦਰਜ ਕੀਤਾ ਕਿ ਕੁਝ ਪੇਸ਼ਕਾਰੀਆਂ ਤੋਂ ਬਾਅਦ ਉਸਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ ਅਤੇ ਭਰੋਸਾ ਦਿੱਤਾ ਕਿ ਭੁੱਲਰ ਦਿਨ ਦੇ ਦੌਰਾਨ ਆਤਮ ਸਮਰਪਣ ਕਰ ਦੇਵੇਗਾ। ਅਦਾਲਤ ਨੇ ਕਿਹਾ, "ਅਰਜ਼ੀ ਨੂੰ ਵਾਪਸ ਲੈ ਲਏ ਜਾਣ ਤਹਿਤ ਰੱਦ ਕੀਤਾ ਜਾਂਦਾ ਹੈ।"
ਭੁੱਲਰ ਦੇ ਵਕੀਲ ਨੇ ਕਿਹਾ ਸੀ ਕਿ ਉਸਦਾ ਮੁਵੱਕਿਲ ਬੈਰਕਾਂ ਵਿੱਚ ਵੀ ਨਹੀਂ ਜਾਂਦਾ ਸੀ ਅਤੇ ਹਮੇਸ਼ਾ ਹਸਪਤਾਲ ਵਿੱਚ ਰਹਿੰਦਾ ਸੀ ਅਤੇ ਪੈਰੋਲ 'ਤੇ ਬਾਹਰ ਹੋਣ 'ਤੇ ਵੀ ਉਹ ਹਰ ਹਫ਼ਤੇ ਜੇਲ੍ਹ ਨਾਲ ਜੁੜੇ ਹਸਪਤਾਲ ਵਿੱਚ ਆਪਣੀ ਹਾਜ਼ਰੀ ਲਵਾਉਂਦਾ ਸੀ। -ਪੀਟੀਆਈ