ਭਾਰਤ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ। ਭਾਰਤ ਦੀ ਵਿਸ਼ਵ ਕੱਪ ਵਿੱਚ ਪਲੇਠੀ ਜਿੱਤ ’ਚ ਸ਼ੈਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ। ਭਾਰਤ ਨੇ ਸੈਮੀਫਾਈਨਲ ਵਿੱਚ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਆਸਟਰੇਲੀਆ ਦੀ ਟੀਮ ਨੂੰ ਹਰਾ ਕੇ ਤੀਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਮੀਂਹ ਕਾਰਨ ਮੈਚ ਲਗਪਗ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ ਪਰ ਓਵਰਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਆਗੂਆਂ ਨੇ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ।
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ, ਜਿਸ ਮਗਰੋਂ ਭਾਰਤ ਨੇ 7 ਵਿਕਟਾਂ ’ਤੇ 298 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਸਖ਼ਤ ਚੁਣੌਤੀ ਦਿੱਤੀ। ਆਸਟਰੇਲੀਆ ਖ਼ਿਲਾਫ਼ ਨਾਬਾਦ ਸੈਂਕੜਾ ਜੜਨ ਵਾਲੀ ਜੈਮਿਮਾ ਰੌਡਰਿਗਜ਼ ਅੱਜ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੀ। ਉਹ ਸਿਰਫ 24 ਦੌੜਾਂ ਬਣਾ ਕੇ ਆਊਟ ਹੋਈ।
ਸ਼ੈਫਾਲੀ ਵਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ। ਉਸ ਨੇ ਸਮ੍ਰਿਤੀ ਮੰਧਾਨਾ (45) ਨਾਲ ਮਿਲ ਕੇ ਪਹਿਲੀ ਵਿਕਟ ਲਈ 104 ਦੌੜਾਂ ਦੀ ਭਾਈਵਾਲੀ ਕੀਤੀ। ਕਪਤਾਨ ਹਰਮਨਪ੍ਰੀਤ ਕੌਰ (20) ਵੀ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੀ। ਦੀਪਤੀ ਸ਼ਰਮਾ (58) ਅਤੇ ਰਿਚਾ ਘੋਸ਼ (24 ਗੇਂਦਾਂ ’ਤੇ 34) ਨੇ ਛੇਵੀਂ ਵਿਕਟ ਲਈ 47 ਦੌੜਾਂ ਦੀ ਤੇਜ਼ ਭਾਈਵਾਲੀ ਕਰਕੇ ਭਾਰਤ ਨੂੰ ਇੱਕ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਦੀਪਤੀ ਸ਼ਰਮਾ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ 20 ਵਿਕਟਾਂ ਅਤੇ 200 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।
ਟੀਚਾ ਪੂਰਾ ਕਰਨ ਉੱਤਰੀ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਨੇ 101 ਦੌੜਾਂ ਬਣਾ ਕੇ ਟੀਮ ਨੂੰ ਖਿਤਾਬ ਦੀ ਦੌੜ ਵਿੱਚ ਬਣਾਈ ਰੱਖਿਆ ਪਰ ਦੀਪਤੀ ਸ਼ਰਮਾ ਦੀ ਗੇਂਦ ’ਤੇ ਅਮਨਜੋਤ ਕੌਰ ਨੇ ਸ਼ਾਨਦਾਰ ਕੈਚ ਫੜ ਕੇ ਉਸ ਦੀ ਪਾਰੀ ਖ਼ਤਮ ਕਰ ਦਿੱਤੀ। ਵੋਲਵਾਰਟ ਇੱਕ ਸਿਰੇ ’ਤੇ ਡਟੀ ਰਹੀ ਪਰ ਉਸ ਨੂੰ ਦੂਜੇ ਪਾਸਿਓਂ ਕਿਸੇ ਦਾ ਸਾਥ ਨਾ ਮਿਲਿਆ। ਭਾਰਤ ਲਈ ਦੀਪਤੀ ਸ਼ਰਮਾ ਨੇ ਪੰਜ, ਸ਼ੈਫਾਲੀ ਵਰਮਾ ਨੇ ਦੋ ਤੇ ਸ੍ਰੀਚਰਨੀ ਨੇ ਇੱਕ ਵਿਕਟ ਲਈ। ਜਿੱਤ ਮਗਰੋਂ ਖ਼ੁਸ਼ੀ ਨਾਲ ਖਿਡਾਰਨਾਂ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਇੱਕ-ਦੂਜੇ ਨੂੰ ਗਲੇ ਲਗਾ ਕੇ ਜਸ਼ਨ ਮਨਾਉਣ ਲੱਗ ਪਈਆਂ। ਇਸੇ ਤਰ੍ਹਾਂ ਲੋਕ ਸੜਕਾਂ ’ਤੇ ਨਿਕਲ ਆਏ ਅਤੇ ਭਾਰਤੀ ਮਹਿਲਾ ਟੀਮ ਦੀ ਜਿੱਤ ਦੇ ਜਸ਼ਨ ਮਨਾਏ ਅਤੇ ਪਟਾਕੇ ਚਲਾਏ।

