ਦਾਰਜੀਲਿੰਗ: ਲਗਾਤਾਰ ਮੀਂਹ ਕਰਕੇ ਜ਼ਮੀਨ ਖਿਸਕਣ ਨਾਲ 9 ਮੌਤਾਂ, ਦੋ ਲਾਪਤਾ; ਰਾਹਤ ਤੇ ਬਚਾਅ ਕਾਰਜ ਜਾਰੀ
ਉਪ-ਹਿਮਾਲਿਆਈ ਪੱਛਮੀ ਬੰਗਾਲ ਵਿੱਚ 6 ਅਕਤੂਬਰ ਤੱਕ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ; ਮਿਰਿਕ-ਸੁਖੀਆਪੋਖਰੀ ਸੜਕ ’ਤੇ ਜ਼ਮੀਨ ਖਿਸਕਣ ਮਗਰੋਂ ਨੇੜਲੇ ਇਲਾਕਿਆਂ ਨਾਲ ਸੰਪਰਕ ਟੁੱਟਿਆ
ਪੱਛਮੀ ਬੰਗਾਲ ਦੀ ਦਾਰਜੀਲਿੰਗ ਸਬਡਿਵੀਜ਼ਨ ਵਿਚ ਲਗਾਤਾਰ ਭਾਰੀ ਮੀਂਹ ਕਰਕੇ ਸ਼ਨਿਚਰਵਾਰ ਦੇਰ ਰਾਤ ਮਿਰਿਕ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਜਣੇ ਲਾਪਤਾ ਹਨ। ਮਿਰਿਕ-ਸੁਖੀਆਪੋਖਰੀ ਰੋਡ ’ਤੇ ਜ਼ਮੀਨ ਖਿਸਕਣ ਕਰਕੇ ਆਵਾਜਾਈ ਵਿਚ ਵਿਘਨ ਪਿਆ ਤੇ ਨੇੜਲੇ ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ। ਅਧਿਕਾਰੀ ਨੇ ਕਿਹਾ ਕਿ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਸਥਾਨਕ ਪ੍ਰਸ਼ਾਸਨ, ਪੁਲੀਸ ਅਤੇ ਆਫ਼ਤ ਰਿਸਪੌਂਸ ਟੀਮਾਂ ਮੌਕੇ 'ਤੇ ਪਹੁੰਚ ਰਹੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਆਫ਼ਤ ਰਿਸਪੌਂਸ ਬਲ (ਐਨਡੀਆਰਐਫ) ਦੀ ਟੀਮ ਮਿਰਿਕ ਝੀਲ ਖੇਤਰ ਵਿੱਚ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ, ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਐੱਨਡੀਆਰਐੱਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਅਨੁਸਾਰ, ਹੁਣ ਤੱਕ ਨੌਂ ਮੌਤਾਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਦੋ ਹੋਰਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। ਕਈ ਥਾਵਾਂ ਸਰਸਾਲੀ, ਜਸਬੀਰਗਾਓਂ, ਮਿਰਿਕ ਬਸਤੀ, ਧਾਰ ਗਾਓਂ (ਮੇਚੀ), ਅਤੇ ਮਿਰਿਕ ਝੀਲ ਖੇਤਰ ਤੋਂ ਮੌਤਾਂ ਦੀ ਰਿਪੋਰਟ ਮਿਲੀ ਹੈ। ਧਾਰ ਗਾਓਂ ਵਿੱਚ ਮਲਬੇ ’ਚੋਂ ਘੱਟੋ-ਘੱਟ ਚਾਰ ਲੋਕਾਂ ਨੂੰ ਬਚਾਇਆ ਗਿਆ, ਜਿੱਥੇ ਜ਼ਮੀਨ ਖਿਸਕਣ ਕਰਕੇ ਕਈ ਘਰ ਢਹਿ ਗਏ।
ਮਿਰਿਕ ਦੇ ਬਿਸ਼ਨੂਲਾਲ ਗਾਓਂ, ਵਾਰਡ 3 ਲੇਕ ਸਾਈਡ ਅਤੇ ਜਸਬੀਰ ਗਾਓਂ ਵਿੱਚ ਕਈ ਪਰਿਵਾਰਾਂ ਨੂੰ ਇਹਤਿਆਤੀ ਉਪਾਅ ਵਜੋਂ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ, ਜਦੋਂ ਕਿ ਸਥਾਨਕ ਗੈਰ-ਸਰਕਾਰੀ ਸੰਗਠਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਅਸਥਾਈ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ।
ਭਾਰਤੀ ਮੌਸਮ ਵਿਭਾਗ (IMD) ਨੇ ਦਾਰਜੀਲਿੰਗ ਅਤੇ ਕਾਲੀਮਪੋਂਗ ਸਮੇਤ ਉਪ-ਹਿਮਾਲਿਆਈ ਪੱਛਮੀ ਬੰਗਾਲ ਵਿੱਚ 6 ਅਕਤੂਬਰ ਤੱਕ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਜ਼ਮੀਨ ਖਿਸਕਣ ਅਤੇ ਸੜਕਾਂ ’ਤੇ ਆਵਾਜਾਈ ਵਿਚ ਅੜਿੱਕਾ ਪੈਣ ਦੀ ਚੇਤਾਵਨੀ ਦਿੱਤੀ ਹੈ।
ਦਾਰਜੀਲਿੰਗ ਦੇ ਸਬ ਡਿਵੀਜ਼ਨਲ ਅਧਿਕਾਰੀ (SDO) ਰਿਚਰਡ ਲੇਪਚਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਬੀਤੀ ਰਾਤ ਤੋਂ ਭਾਰੀ ਮੀਂਹ ਕਾਰਨ ਦਾਰਜੀਲਿੰਗ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸਾਡੇ ਕੋਲ ਇਸ ਸਮੇਂ ਸਹੀ ਅੰਕੜੇ ਨਹੀਂ ਹਨ ਕਿਉਂਕਿ ਬਚਾਅ ਅਤੇ ਰਾਹਤ ਕਾਰਜ ਹੁਣੇ ਸ਼ੁਰੂ ਹੋਏ ਹਨ।’’ ਅਪੁਸ਼ਟ ਰਿਪੋਰਟਾਂ ਵਿਚ ਜ਼ਮੀਨ ਖਿਸਕਣ ਕਾਰਨ 11 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਰਕੇ ਐਮਰਜੈਂਸੀ ਵਾਹਨਾਂ ਦਾ ਜ਼ਮੀਨ ਖਿਸਕਣ ਵਾਲੀ ਥਾਂ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਇਲਾਕਾ ਫਿਸਲਣ ਵਾਲਾ ਹੈ ਅਤੇ ਕਈ ਘਰਾਂ ਦੇ ਨੁਕਸਾਨੇ ਜਾਣ ਦੀਆਂ ਰਿਪੋਰਟਾਂ ਹਨ। ਅਸਲ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।’’ ਮੁੱਢਲੀ ਜਾਣਕਾਰੀ ਅਨੁਸਾਰ ਜ਼ਮੀਨ ਖਿਸਕਣ ਦੀ ਘਟਨਾ ਮਿਰਿਕ-ਸੁਖਿਆਪੋਖਰੀ ਸੜਕ ’ਤੇ ਇੱਕ ਪਹਾੜੀ ਢਲਾਣ ਨੇੜੇ ਵਾਪਰੀ। ਇਸ ਨਾਲ ਵਾਹਨਾਂ ਦੀ ਆਵਾਜਾਈ ’ਤੇ ਅਸਰ ਪਿਆ ਤੇ ਨਾਲ ਲੱਗਦੇ ਖੇਤਰਾਂ ਨਾਲੀ ਸੰਚਾਰ ਸੰਪਰਕ ਟੁੱਟ ਗਿਆ। ਰਾਜ ਆਫ਼ਤ ਪ੍ਰਬੰਧਨ ਵਿਭਾਗ ਅਤੇ ਦਾਰਜੀਲਿੰਗ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਸਥਾਨਕ ਵਲੰਟੀਅਰਾਂ ਨਾਲ ਤਾਇਨਾਤ ਕੀਤਾ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।