‘ਦਰਬਾਰ ਬਦਲੀ’ ਰਵਾਇਤ ਢੋਲ ਢਮੱਕੇ ਨਾਲ ਬਹਾਲ
ਮੁੱਖ ਮੰਤਰੀ ਉਮਰ ਦਾ ਜੰਮੂ ’ਚ ਨਿੱਘਾ ਸਵਾਗਤ; ਸਕੱਤਰੇਤ ’ਚ ਅਧਿਕਾਰੀਆਂ ਨਾਲ ਮੀਟਿੰਗ
ਜੰਮੂ ਕਸ਼ਮੀਰ ’ਚ ਚਾਰ ਸਾਲ ਮਗਰੋਂ ਇਤਿਹਾਸਕ ‘ਦਰਬਾਰ ਬਦਲੀ’ ਰਵਾਇਤ ਸੁਰਜੀਤ ਹੋਣ ’ਤੇ ਅੱਜ ਜੰਮੂ ਦੇ ਲੋਕਾਂ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਨਾਇਕ ਵਾਂਗ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਕਾਫਲਾ ਛੱਡ ਕੇ ਆਪਣੀ ਸਰਕਾਰੀ ਰਿਹਾਇਸ਼ ਤੋਂ ਰਘੁਨਾਥ ਮਾਰਕੀਟ ਤੱਕ ਪੈਦਲ ਹੀ ਚੱਲ ਕੇ ਸਿਵਲ ਸਕੱਤਰੇਤ ਜਾਣ ਦਾ ਫ਼ੈਸਲਾ ਕੀਤਾ ਅਤੇ ਕਿਲੋਮੀਟਰ ਤੋਂ ਵੱਧ ਦੂਰੀ ਪੈਦਲ ਤੈਅ ਕੀਤੀ। ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਤੇ ਮੰਤਰੀ ਜਾਵੇਦ ਰਾਣਾ ਨਾਲ ਮੌਜੂਦ ਅਬਦੁੱਲਾ ਦਾ ਰੈਜ਼ੀਡੈਂਸੀ ਰੋਡ ’ਤੇ ਜੁੜੀ ਭੀੜ ਨੇ ਨਿੱਘਾ ਸਵਾਗਤ ਕੀਤਾ। ਵਪਾਰੀਆਂ ਤੇ ਹੋਰ ਸਥਾਨਕ ਵਸਨੀਕਾਂ ਨੇ ਮਠਿਆਈਆਂ ਵੰਡੀਆਂ ਤੇ ਉਨ੍ਹਾਂ ਦੀ ਸਰਕਾਰ ਦੇ ‘ਦਰਬਾਰ ਬਦਲੀ’ ਦੇ ਫ਼ੈਸਲੇ ’ਤੇ ਖੁਸ਼ੀ ਜ਼ਾਹਿਰ ਕੀਤੀ। ਮੁੱਖ ਮੰਤਰੀ ਨੇ ਕਾਫੀ ਪੁਰਾਣੀ ਰਵਾਇਤ ਸੁਰਜੀਤ ਕਰ ਕੇ ਅਹਿਮ ਚੋਣ ਵਾਅਦਾ ਪੂਰਾ ਕੀਤਾ ਹੈ। ਇਸ ਮਗਰੋਂ ਮੁੱਖ ਮੰਤਰੀ ਅਬਦੁੱਲਾ ਨੇ ਸਕੱਤਰੇਤ ’ਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਾਰੇ ਵਿਭਾਗਾਂ ਨੂੰ ਪ੍ਰਾਜੈਕਟ ਸਮੇਂ ਸਿਰ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।
ਸ੍ਰੀਨਗਰ ’ਚ ਸਿਵਲ ਸਕੱਤਰੇਤ ਤੇ ਹੋਰ ਦਫ਼ਤਰ 30 ਤੇ 31 ਅਕਤੂਬਰ ਨੂੰ ਬੰਦ ਹੋ ਗਏ ਅਤੇ ਸਰਦ ਰੁੱਤ ਦੀ ਰਾਜਧਾਨੀ ’ਚ ਅੱਜ ਤੋਂ ਅਗਲੇ ਛੇ ਮਹੀਨੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ‘ਦਰਬਾਰ ਮੂਵ’ ਵਿੱਚ ਜੰਮੂ ਕਸ਼ਮੀਰ ਦੇ ਸਰਕਾਰੀ ਦਫ਼ਤਰ ਸ੍ਰੀਨਗਰ ਤੋਂ ਜੰਮੂ ’ਚ ਤਬਦੀਲ ਕਰਨਾ ਸ਼ਾਮਲ ਹੈ। ਇਹ ਰਵਾਇਤ ਤਕਰੀਬਨ 150 ਸਾਲ ਪਹਿਲਾਂ ਡੋਗਰਾ ਸ਼ਾਸਕਾਂ ਵੱਲੋਂ ਸ਼ੁਰੂ ਕੀਤੀ ਗਈ ਸੀ। ਜੂਨ 2012 ਵਿਚ ਉਪ ਰਾਜਪਾਲ ਸ੍ਰੀ ਸਿਨਹਾ ਵਲੋਂ ‘ਦਰਬਾਰ ਮੂਵ’ ਦੀ ਪਿਰਤ ਖਤਮ ਕਰ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇਸ ਨਾਲ ਸਰਕਾਰੀ ਰਿਕਾਰਡ ਨੂੰ ਸਾਂਭਣ ਅਤੇ ਸਰੋਤਾਂ ਦੀ ਬੱਚਤ ਵਿਚ ਮਦਦ ਮਿਲੇਗੀ।
ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਨਾਕਾਮ ਹੋਏ: ਫਾਰੂਕ
ਜੰਮੂ: ‘ਦਰਬਾਰ ਬਦਲੀ’ ਰਵਾਇਤ ਸੁਰਜੀਤ ਹੋਣ ਮਗਰੋਂ ਜੰਮੂ ’ਚ ਮੁੜ ਸਰਕਾਰੀ ਦਫਤਰ ਖੁੱਲ੍ਹਣ ’ਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਨੂੰ ਵੰਡਣ ਦੀ ਖਾਹਿਸ਼ ਰੱਖਣ ਵਾਲੇ ਨਾਕਾਮ ਰਹੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਇਕਜੁੱਟ ਹੈ ਅਤੇ ਇਸ ਨੂੰ ਸਮੂਹਿਕ ਤੌਰ ’ਤੇ ਵਿਕਾਸ ਵੱਲ ਵਧਣਾ ਚਾਹੀਦਾ ਹੈ। -ਪੀਟੀਆਈ

