DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Dallewal: ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਲਈ ਵਿੱਢੀ ਲੜਾਈ ਮਿਲ ਕੇ ਜਿੱਤਣੀ ਹੋਵੇਗੀ: ਡੱਲੇਵਾਲ

ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਵੱਲੋਂ ਪੰਜਾਬ ਦੇ ‘ਛੋਟੇ ਭਰਾ ਹਰਿਆਣਾ’ ਤੇ ਹੋਰਨਾਂ ਰਾਜਾਂ ਨੂੰ ਅਪੀਲ; ਐੱਸਕੇਐੱਮ ਵੱਲੋਂ ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਚੱਲ ਰਹੇ ਸੰਘਰਸ਼ ਤੇ 30 ਦਸੰਬਰ ਦੇ ‘ਪੰਜਾਬ ਬੰਦ’ ਦੇ ਸੱਦੇ ਵਿਚ ਸ਼ਾਮਲ ਤੋਂ ਇਨਕਾਰ
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਚੰਡੀਗੜ੍ਹ, 24 ਦਸੰਬਰ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਕਿਹਾ ਕਿ ‘ਇਹ ਲੜਾਈ ਜਿੱਤਣ ਲਈ ਸਾਨੂੰ ਮਿਲ ਕੇ ਲੜਨਾ ਹੋਵੇਗਾ।’ ਡੱਲੇਵਾਲ, ਜੋ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ 29 ਦਿਨਾਂ ਤੋਂ ਖਨੌਰੀ ਬਾਰਡਰ ’ਤੇ ਮਰਨ ਵਰਤ ਉੱਤੇ ਬੈਠੇ ਹਨ, ਨੇ ਵਿਸ਼ੇਸ਼ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਇਸ ਅੰਦੋਲਨ ਲਈ ਦਿੱਤੀ ਹਮਾਇਤ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। ਡੱਲੇਵਾਲ ਦੀ ਨਿੱਘਰਦੀ ਸਿਹਤ ਦੇ ਮੱਦੇਨਜ਼ਰ ਇਹ ਸਟੇਜ ਵਿਸ਼ੇਸ ਤੌਰ ’ਤੇ ਤਿਆਰ ਕੀਤੀ ਗਈ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਨੇ ਕਿਹਾ ਕਿ ਉਹ ਕਿਸਾਨੀ ਕਰਜ਼ਿਆਂ ’ਤੇ ਲੀਕ ਮਾਰਨ ਸਣੇ ਹੋਰਨਾਂ ਮੰਗਾਂ ਬਾਰੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਜਨਵਰੀ ਦੇ ਪਹਿਲੇ ਹਫਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਦਾ ਸਮਾਂ ਮੰਗਣਗੇ। ਐੱਸਕੇਐੱਮ ਨੇ ਸਾਫ਼ ਕਰ ਦਿੱਤਾ ਕਿ ਉਹ ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਚੱਲ ਰਹੇ ਸੰਘਰਸ਼ ਤੇ 30 ਦਸੰਬਰ ਦੇ ‘ਪੰਜਾਬ ਬੰਦ’ ਦੇ ਸੱਦੇ ਵਿਚ ਸ਼ਾਮਲ ਨਹੀਂ ਹੋਣਗੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਜੁੜੇ ਮਸਲਿਆਂ ਨੂੰ ਉਭਾਰਨ ਲਈ 9 ਜਨਵਰੀ ਨੂੰ ਪੰਜਾਬ ਦੇ ਮੋਗਾ ਵਿਚ ਰੈਲੀ ਦੀਆਂ ਵਿਉਂਤਾਂ ਘੜ ਰਹੇ ਹਨ।

Advertisement

ਡੱਲੇਵਾਲ ਨੇ ਖਨੌਰੀ ਬਾਰਡਰ ਉੱਤੇ ਕਮਜ਼ੋਰ ਆਵਾਜ਼ ਵਿਚ ਕਿਹਾ, ‘‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਸਾਨੂੰ ਇਹ ਲੜਾਈ ਜਿੱਤਣੀ ਹੋਵੇਗੀ। ਇਹ ਲੜਾਈ ਉਦੋਂ ਹੀ ਜਿੱਤੀ ਜਾ ਸਕਦੀ ਹੈ ਜਦੋਂ ਪੂਰਾ ਦੇਸ਼ ਇਕਜੁੱਟ ਹੋ ਕੇ ਲੜੇ।’’ ਡੱਲੇਵਾਲ ਨੇ ਪੰਜਾਬ ਦੇ ‘ਛੋਟੇ ਭਰਾ ਹਰਿਆਣਾ’ ਤੇ ਹੋਰਨਾਂ ਰਾਜਾਂ ਨੂੰ ਅਪੀਲ ਕੀਤੀ ਕਿ ‘ਇਹ ਲੜਾਈ ਮਜ਼ਬੂਤੀ ਤੇ ਪੂਰੀ ਤਾਕਤ ਨਾਲ ਲੜੀ ਜਾਣੀ ਚਾਹੀਦੀ ਹੈ।’ ਕਿਸਾਨ ਆਗੂ ਨੇ ਦੋ ਮਿੰਟ ਦੀ ਆਪਣੀ ਤਕਰੀਰ (ਜਿਸ ਵਿਚ ਉਨ੍ਹਾਂ ਕਿਸਾਨ ਆਗੂ ਅਭਿਮਨਿਊ ਕੋਹਾੜ ਦੀ ਮਦਦ ਲਈ) ਵਿਚ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਸਰਕਾਰ ਸਾਨੂੰ ਇਥੋਂ ਕਿਸੇ ਵੀ ਕੀਮਤ ’ਤੇ ਨਾ ਉਠਾ ਸਕੇ। ਜੇ ਉਹ ਅਜਿਹਾ ਨਹੀਂ ਕਰ ਸਕੀ, ਫਿਰ ਜਾਂ ਤਾਂ ਅਸੀਂ ਜਿੱਤਾਂਗੇ ਜਾਂ ਫਿਰ ਮਰਾਂਗੇ...ਦੋਵਾਂ ’ਚੋਂ ਇਕ ਚੀਜ਼ ਹੋਵੇਗੀ।’’ ਕੋਹਾੜ ਨੇ ਮਗਰੋਂ ਕਿਹਾ ਕਿ ਜਦੋਂ ਡੱਲੇਵਾਲ ਨੇ ਕਿਹਾ ਕਿ ਉਹ ਠੀਕ ਹਨ ਤਾਂ ਉਨ੍ਹਾਂ ਦਾ ਇਹ ਮਤਲਬ ਸੀ ਕਿ ਭਾਵੇਂ ਉਹ ਸਰੀਰਕ ਤੌਰ ’ਤੇ ਕਮਜ਼ੋਰ ਹਨ, ਪਰ ਉਨ੍ਹਾਂ ਦਾ ਹੌਸਲਾ ਚੜ੍ਹਦੀ ਕਲਾ ਵਿਚ ਹੈ। ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਕਿਸਾਨ ਆਗੂ ਦੀ ਹਾਲਤ ਨਾਜ਼ੁਕ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੇ ‘ਉਦਾਸੀਨ ਰਵੱਈਏ’ ਦੀ ਨਿਖੇਧੀ

ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ ਇਕਾਈ ਦੇ ਆਗੂਆਂ ਨੇ ਬੈਠਕ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੇ ‘ਉਦਾਸੀਨ ਰਵੱਈਏ’ ਦੀ ਨਿਖੇਧੀ ਕਰਦਿਆਂ ਕਿਹਾ ਕਿ ਡੱਲੇਵਾਲ ਦੀ ਨਿੱਘਰਦੀ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਹੁਣ ਤੱਕ ਦਖ਼ਲ ਦੇ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਸੀ। ਮੋਰਚੇ ਦੇ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਐੱਮਐੱਸਪੀ ਤੇ ਕਿਸਾਨੀ ਕਰਜ਼ਿਆਂ ’ਤੇ ਲੀਕ ਮਾਰਨ ਸਣੇ ਹੋਰਨਾਂ ਮੰਗਾਂ ਬਾਰੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਕਿਸਾਨ ਆਗੂ ਜਨਵਰੀ ਦੇ ਪਹਿਲੇ ਹਫਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਦਾ ਸਮਾਂ ਮੰਗਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਜੁੜੇ ਮਸਲਿਆਂ ਨੂੰ ਉਭਾਰਨ ਲਈ 9 ਜਨਵਰੀ ਨੂੰ ਪੰਜਾਬ ਦੇ ਮੋਗਾ ਵਿਚ ਰੈਲੀ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਚੱਲ ਰਹੇ ਸੰਘਰਸ਼ ਜਾਂ 30 ਦਸੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਵਿਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਹੈ। ਮੋਰਚੇ ਦੇ ਆਗੂਆਂ ਨੇ ਕੇਂਦਰ ਦੀ ਕੌਮੀ ਖੇਤੀ ਮਾਰਕੀਟ ਪਾਲਿਸੀ ਦੇ ਹਵਾਲੇ ਨਾਲ ਖ਼ਦਸ਼ਾ ਜਤਾਇਆ ਕਿ ਇਹ ਰੱਦ ਕੀਤੇ ਖੇਤੀ ਕਾਨੂੰਨਾਂ ਨੂੰ ਮੁੜ ਲਿਆਉਣ ਦੀ ਇਕ ਹੋਰ ਕੋੋਸ਼ਿਸ਼ ਹੈ।

ਡੱਲੇੇਵਾਲ ਦੇ ਮਰਨ ਵਰਤ ਬਾਰੇ ਭੰਗੂ ਨੇ ਕਿਹਾ, ‘‘ਅਸੀਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪੀ ਦੀ ਨਿਖੇਧੀ ਕਰਦੇ ਹਾਂ। ਨਾ ਪੰਜਾਬ ਦੇ ਮੁੱਖ ਮੰਤਰੀ ਤੇ ਨਾ ਹੀ ਉਨ੍ਹਾਂ ਦੇ ਮੰਤਰੀਆਂ ਨੂੰ ਕੋਈ ਫਿਕਰ ਹੈ। ਕੇਂਦਰ ਤੇ ਪੰਜਾਬ ਸਰਕਾਰ ਨੂੰ ਹੁਣ ਤੱਕ ਇਸ ਮਾਮਲੇ ਵਿਚ ਦਖ਼ਲ ਦੇ ਦੇਣਾ ਚਾਹੀਦਾ ਸੀ।’’ ਇਸ ਤੋਂ ਪਹਿਲਾਂ ਅੱਜ ਦਿਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀ ‘ਹੱਠਧਰਮੀ’ ਛੱਡ ਕੇ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕਰੇ। -ਪੀਟੀਆਈ

Advertisement
×