Dalit woman’s alleged rape and murder: ਫੈਜ਼ਾਬਾਦ ਤੋਂ ਸੰਸਦ ਮੈਂਬਰ ਅਵਧੀਸ਼ ਪ੍ਰਸਾਦ ਪੱਤਰਕਾਰਾਂ ਸਾਹਮਣੇ ਨਾ ਰੋਕ ਸਕੇ ਅੱਥਰੂ
ਨਵੀਂ ਦਿੱਲੀ, 2 ਫਰਵਰੀ
ਫੈਜ਼ਾਬਾਦ ਤੋਂ ਸਮਾਜਵਾਦੀ ਪਾਰਟੀ (ਸਪਾ) ਮੈਂਬਰ ਅਵਧੀਸ਼ ਪ੍ਰਸਾਦ ਅਯੁੱਧਿਆ ’ਚ ਇੱਕ ਦਲਿਤ ਔਰਤ ਨਾਲ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ’ਤੇ ਇੱਕ ਪ੍ਰੈੱਸ ਕਾਨਫਰੰਸ ’ਚ ਰੋਣ ਲੱਗ ਪਏ ਅਤੇ ਐਲਾਨ ਕੀਤਾ ਕਿ ਜੇਕਰ ਇਸ ਗੰਭੀਰ ਅਪਰਾਧ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਨਾ ਦਿੱਤੀ ਗਈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਲੜਕੀ ਦੀ ਲਾਸ਼ ਅਯੁੱਧਿਆ ਵਿਚੋਂ ਮਿਲੀ ਸੀ ਜਿਹੜਾ ਪ੍ਰਸਾਦ ਦੇ ਫੈਜ਼ਾਬਾਦ ਚੋਣ ਹਲਕੇ ਦਾ ਹਿੱਸਾ ਹੈ। ਰਿਪੋਰਟਾਂ ਮੁਤਾਬਕ ਲੜਕੀ ਦੀ ਲਾਸ਼ ਉਸ ਦੇ ਘਰ ਨੇੜਲੀ ਨਹਿਰ ਕੋਲੋਂ ਬਰਾਮਦ ਹੋਈ।
ਸਪਾ ਸੰਸਦ ਮੈਂਬਰ ਇਸ ਮਾਮਲੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋ ਪਏ ਤੇ ਆਪਣੇ ਅੱਥਰੂ ਨਾ ਰੋ ਸਕੇ। ਅਵਧੀਸ਼ ਪ੍ਰਸਾਦ ਨੇ ਰੋਂਦੇ ਕਿਹਾ, ‘‘ਮੈਂ ਇਹ ਮਾਮਲਾ ਲੋਕ ਸਭਾ ’ਚ ਪ੍ਰਧਾਨ ਮੰਤਰੀ ਸਾਹਮਣੇ ਉਠਾਵਾਂਗਾ। ਜੇਕਰ ਨਿਆਂ ਨਾ ਮਿਲਿਆ ਤਾਂ ਮੈਂ ਲੋਕ ਸਭਾ ਤੋਂ ਅਸਤੀਫ਼ਾ ਦੇ ਦੇਵਾਂਗਾ। ਅਸੀਂ ਆਪਣੀਆਂ ਬੇਟੀਆਂ ਨੂੰ ਬਚਾਉਣ ’ਚ ਨਾਕਾਮ ਹੋ ਰਹੇ ਹਾਂ। ਸਾਡੀ ਬੇਟੀ ਨਾਲ ਅਜਿਹਾ ਕਿਵੇਂ ਹੋ ਗਿਆ?’’ ਦੱਸਣਯੋਗ ਹੈ ਲੜਕੀ ਦੀ ਕਥਿਤ ਹੱਤਿਆ ਦੀ ਘਟਨਾ ਨੂੰ ਲੈ ਕੇ ਪਿੰਡ ਸਹਨਵਾਂ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਹੈ।
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲਿਆ ਹੈ ਤੇ ਵਾਅਦਾ ਕੀਤਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਫੈਜ਼ਾਬਾਦ ਤੋਂ ਸੰਸਦ ਮੈਂਬਰ ਦੇ ਅੱਥਰੂਆਂ ਨੂੰ ‘ਡਰਾਮਾ’ ਕਰਾਰ ਦਿੱਤਾ। ਯੋਗੀ ਨੇ ਕਿਹਾ, ‘‘ਸਪਾ ਦੇ ਸੰਸਦ ਮੈਂਬਰ ਡਰਾਮਾ ਕਰ ਰਹੇ ਹਨ।’’ -ਆਈਏਐੱਨਐੱਸ