Dalai Lama's successor: ਭਾਰਤ ਧਰਮ ਤੇ ਅਕੀਦੇ ਨਾਲ ਜੁੜੇ ਮਸਲਿਆਂ ਬਾਰੇ ਸਟੈਂਡ ਨਹੀਂ ਲੈਂਦਾ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 4 ਜੁਲਾਈ
ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦੇ ਜਾਨਸ਼ੀਨ ਦੀ ਚੋਣ ਬਾਰੇ ਚੱਲ ਰਹੀ ਚਰਚਾ ਦਰਮਿਆਨ ਭਾਰਤ ਸਰਕਾਰ ਨੇ ਅੱਜ ਸਾਫ਼ ਕਰ ਦਿੱਤਾ ਕਿ ਉਹ ਧਰਮ ਤੇ ਅਕੀਦੇ ਨਾਲ ਜੁੜੇ ਮਸਲਿਆਂ ਬਾਰੇ ਕੋਈ ਸਟੈਂਡ ਨਹੀਂ ਲੈਂਦੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਸਰਕਾਰ ਨੇ ਭਾਰਤ ਵਿਚ ਧਾਰਮਿਕ ਆਜ਼ਾਦੀ ਨੂੰ ਹਮੇਸ਼ਾ ਕਾਇਮ ਰੱਖਿਆ ਹੈ ਤੇ ਇਹ ਅਮਲ ਅੱਗੋਂ ਵੀ ਜਾਰੀ ਰਹੇਗੀ।
ਵਿਦੇਸ਼ ਮੰਤਰਾਲੇ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਅਜੇ ਦੋ ਦਿਨ ਪਹਿਲਾਂ ਦਲਾਈ ਲਾਮਾ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦਾ ਜਾਨਸ਼ੀਨ ਚੁਣਨ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਤਿੱਬਤੀ ਬੋਧੀਆਂ ਦੇ ਟਰੱਸਟ ਨੂੰ ਹੈ। ਜੈਸਵਾਲ ਨੇ ਕਿਹਾ, ‘‘ਅਸੀਂ ਦਲਾਈ ਲਾਮਾ ਦੀ ਰਵਾਇਤ ਅੱਗੋਂ ਜਾਰੀ ਰੱਖਣ ਬਾਰੇ ਦਲਾਈ ਲਾਮਾ ਦੇ ਬਿਆਨ ਬਾਰੇ ਰਿਪੋਰਟਾਂ ਦੇਖੀਆਂ ਹਨ। ਭਾਰਤ ਸਰਕਾਰ ਧਰਮ ਤੇ ਅਕੀਦੇ ਨਾਲ ਜੁੜੇ ਮਸਲਿਆਂ ਬਾਰੇ ਨਾ ਕੋਈ ਸਟੈਂਡ ਲੈਂਦੀ ਹੈ ਤੇ ਨਾ ਹੀ ਬੋਲਦੀ ਹੈ।’’
ਜੈਸਵਾਲ ਦਲਾਈ ਲਾਮਾ ਵੱਲੋਂ 6 ਜੁਲਾਈ ਨੂੰ ਆਪਣੇ 90ਵੇਂ ਜਨਮ ਦਿਨ ਤੋਂ ਪਹਿਲਾਂ ਦਿੱਤੇ ਬਿਆਨ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਚੇਤੇ ਰਹੇ ਕਿ ਦਲਾਈ ਲਾਮਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਵਿੱਖ ਵਿਚ ਉਨ੍ਹਾਂ ਦਾ ਉੱਤਰਾਧਿਕਾਰੀ ਚੁਣਨ ਦਾ ਅਧਿਕਾਰ ਸਿਰਫ਼ Gaden Phodrang Trust ਕੋਲ ਹੈ। ਇਹ ਟਰੱਸਟ 2015 ਵਿਚ ਮਨਾਇਆ ਗਿਆ ਸੀ ਤੇ ਇਸ ਦਾ ਮੁੱਖ ਕੰਮ ਦਲਾਈ ਲਾਮਾ ਦੀ ਰਵਾਇਤ ਨਾਲ ਜੁੜੇ ਮਸਲਿਆਂ ਨਾਲ ਨਜਿੱਠਣਾ ਹੈ। -ਪੀਟੀਆਈ