ਦਲਾਈ ਲਾਮਾ 48 ਦਿਨਾਂ ਬਾਅਦ ਲੱਦਾਖ ਤੋਂ ਮਕਲੋਡਗੰਜ ਪਰਤਣਗੇ
ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਲੇਹ-ਲੱਦਾਖ ਵਿੱਚ ਲਗਪਗ ਡੇਢ ਮਹੀਨਾ ਬਿਤਾਉਣ ਤੋਂ ਬਾਅਦ 1 ਸਤੰਬਰ ਨੂੰ ਮਕਲੋਡਗੰਜ ਵਿੱਚ ਆਪਣੀ ਰਿਹਾਇਸ਼ ਚੁੰਗਲਾਖਾਂਗ ਮੱਠ ਪਰਤਣਗੇ। ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀਟੀਏ) ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਦਲਾਈ ਲਾਮਾ ਵੀਰਵਾਰ ਨੂੰ ਲੇਹ ਤੋਂ ਦਿੱਲੀ ਪਹੁੰਚੇ ਅਤੇ ਧਰਮਸ਼ਾਲਾ ਜਾਣ ਤੋਂ ਪਹਿਲਾਂ ਕੁਝ ਦਿਨ ਉੱਥੇ ਰਹਿਣਗੇ।
6 ਜੁਲਾਈ ਨੂੰ ਧਰਮਸ਼ਾਲਾ ਵਿੱਚ ਆਪਣਾ ਜਨਮਦਿਨ ਮਨਾਉਣ ਤੋਂ ਬਾਅਦ ਦਲਾਈ ਲਾਮਾ 12 ਜੁਲਾਈ ਨੂੰ ਭਾਰਤੀ ਹਵਾਈ ਸੈਨਾ ਦੇ ਸੀ-130ਜੇ ਜਹਾਜ਼ ਰਾਹੀਂ ਲੇਹ ਲਈ ਰਵਾਨਾ ਹੋਏ ਸਨ। ਲੱਦਾਖ ਵਿੱਚ ਆਪਣੇ ਠਹਿਰਾਅ ਦੌਰਾਨ ਉਨ੍ਹਾਂ ਨੇ ਜ਼ਾਂਸਕਰ ਦੀ ਯਾਤਰਾ ਕੀਤੀ, ਕਾਰਗੋਨ ਮੈਗਾ ਸਮਰ ਸਿੰਪੋਜ਼ੀਅਮ ਦਾ ਉਦਘਾਟਨ ਕੀਤਾ, ਜ਼ਾਂਸਕਰ ਮੋਨਲਮ ਛੋਰਟੇਨ ਦਾ ਨੀਂਹ ਪੱਥਰ ਰੱਖਿਆ ਅਤੇ 21,000 ਤੋਂ ਵੱਧ ਸ਼ਰਧਾਲੂਆਂ ਨੂੰ ਸਿੱਖਿਆ ਦਿੱਤੀ।
ਲੇਹ ਵਿੱਚ ਉਨ੍ਹਾਂ ਨੇ ਨਵੇਂ ਜੋਖੰਗ ਮੰਦਰ ਦੀ ਨੀਂਹ ਰੱਖੀ, ਛੋਗਲਮਸਰ ਵਿਖੇ ਧਰਮ ਕੇਂਦਰ ਨੂੰ ਅਸੀਸ ਦਿੱਤੀ ਅਤੇ 16-17 ਅਗਸਤ ਨੂੰ ਸ਼ਿਵਾਤਸੇਲ ਵਿਖੇ ਲਗਭਗ 50,000 ਪੈਰੋਕਾਰਾਂ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਦੇ ਸਨਮਾਨ ਵਿੱਚ ਲੰਬੀ ਉਮਰ ਲਈ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ।ਉਨ੍ਹਾਂ ਨੇ ਹਜ਼ਾਰਾਂ ਸ਼ਰਧਾਲੂਆਂ ਅਤੇ ਅੰਤਰਰਾਸ਼ਟਰੀ ਪਤਵੰਤਿਆਂ ਨਾਲ ਵੀ ਮੁਲਾਕਾਤ ਕੀਤੀ, ਜਿਸ ਵਿੱਚ ਚੈੱਕ ਗਣਰਾਜ ਦੇ ਰਾਸ਼ਟਰਪਤੀ ਪੇਤਰ ਪਾਵੇਲ ਵੀ ਸ਼ਾਮਲ ਸਨ, ਜਿਨ੍ਹਾਂ ਨੇ ਉਨ੍ਹਾਂ ਦੇ 90ਵੇਂ ਜਨਮਦਿਨ 'ਤੇ ਵਧਾਈ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਧਰਮਸ਼ਾਲਾ ਵਿੱਚ ਭਾਰੀ ਮਾਨਸੂਨ ਅਤੇ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਲੱਦਾਖ ਯਾਤਰਾ ਦੀ ਯੋਜਨਾ ਬਣਾਈ ਗਈ ਸੀ, ਕਿਉਂਕਿ ਇਸ ਸਮੇਂ ਦੌਰਾਨ ਲੱਦਾਖ ਦਾ ਮੌਸਮ ਵਧੇਰੇ ਅਨੁਕੂਲ ਮੰਨਿਆ ਜਾਂਦਾ ਹੈ।
ਵਾਪਸੀ ’ਤੇ ਦਲਾਈ ਲਾਮਾ ਦੇ ਕੁਝ ਦਿਨ ਆਰਾਮ ਕਰਨ ਦੀ ਉਮੀਦ ਹੈ। 10 ਅਤੇ 20 ਸਤੰਬਰ ਨੂੰ ਮਕਲੋਡਗੰਜ ਵਿਖੇ ਦੋ ਵਿਸ਼ੇਸ਼ ਲੰਬੀ ਉਮਰ ਦੀਆਂ ਪ੍ਰਾਰਥਨਾ ਸਭਾਵਾਂ ਤਹਿ ਕੀਤੀਆਂ ਗਈਆਂ ਹਨ, ਜਿੱਥੇ ਉਹ ਖੁਦ ਸੰਬੋਧਨ ਕਰਨਗੇ।
ਧਰਮਸ਼ਾਲਾ ਅਤੇ ਮਕਲੋਡਗੰਜ ਤੋਂ ਉਨ੍ਹਾਂ ਦੀ ਗੈਰਹਾਜ਼ਰੀ ਨੇ ਸਥਾਨਕ ਸੈਰ-ਸਪਾਟਾ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਜਿੱਥੇ ਹੋਟਲਾਂ, ਰੈਸਟੋਰੈਂਟਾਂ ਅਤੇ ਟੈਕਸੀ ਸੰਚਾਲਕਾਂ ਨੇ ਸੁਸਤ ਕਾਰੋਬਾਰ ਦੀ ਰਿਪੋਰਟ ਦਿੱਤੀ ਹੈ। ਉਨ੍ਹਾਂ ਦੀ ਵਾਪਸੀ ਨਾਲ ਇਸ ਖੇਤਰ ਵਿੱਚ ਗਤੀਵਿਧੀਆਂ ਦੇ ਮੁੜ ਸੁਰਜੀਤ ਹੋਣ ਦੀ ਉਮੀਦ ਹੈ।
ਇਸ ਦੌਰਾਨ ਕਾਂਗੜਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਹੇਮਰਾਜ ਬੈਰਵਾ ਨੇ ਵੀਰਵਾਰ ਨੂੰ ਮਕਲੋਡਗੰਜ ਦੀਆਂ ਖਰਾਬ ਸੜਕਾਂ ਦਾ ਨਿਰੀਖਣ ਕੀਤਾ। ਜਿੱਥੇ ਸਥਾਈ ਮੁਰੰਮਤ ਵਿੱਚ ਸਮਾਂ ਲੱਗ ਸਕਦਾ ਹੈ, ਉੱਥੇ ਦਲਾਈ ਲਾਮਾ ਦੀ ਸੁਖਾਲੀ ਯਾਤਰਾ ਲਈ ਅਸਥਾਈ ਉਪਾਅ ਕੀਤੇ ਜਾਣਗੇ।
ਸੁਰੱਖਿਆ ਦੇ ਮੋਰਚੇ 'ਤੇ ਦਲਾਈ ਲਾਮਾ ਦੀ ਨਿੱਜੀ ਸੁਰੱਖਿਆ ਟੀਮ, ਹਿਮਾਚਲ ਪ੍ਰਦੇਸ਼ ਪੁਲੀਸ ਅਤੇ ਕਈ ਖੁਫੀਆ ਏਜੰਸੀਆਂ, ਜਿਨ੍ਹਾਂ ਵਿੱਚ ਮਿਲਟਰੀ ਇੰਟੈਲੀਜੈਂਸ, ਆਈ.ਬੀ., ਰਾਅ ਅਤੇ ਰਾਜ ਇਕਾਈਆਂ ਸ਼ਾਮਲ ਹਨ, ਨੇ ਪ੍ਰਬੰਧਾਂ ਦੀ ਸਮੀਖਿਆ ਲਈ ਧਰਮਸ਼ਾਲਾ ਵਿੱਚ ਮੀਟਿੰਗਾਂ ਕੀਤੀਆਂ।