Cyclone Shakhti churns up Arabian Sea off Gujarat coast ਅਰਬ ਸਾਗਰ ਵਿੱਚ ਮੌਨਸੂਨ ਤੋਂ ਬਾਅਦ ਦੇ ਮੌਸਮ ਦੇ ਪਹਿਲੇ ਚੱਕਰਵਾਤੀ ਤੂਫ਼ਾਨ ਸ਼ਕਤੀ ਨੇ ਗੁਜਰਾਤ ਦੇ ਤੱਟ ਨੇੜੇ ਤੇਜ਼ੀ ਫੜ ਲਈ ਹੈ। ਇੱਥੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਸ਼ਕਤੀ ਤੇਜ਼ ਹੋ ਗਿਆ ਹੈ ਜੋ ਅਰਬ ਸਾਗਰ ਵਿੱਚ ਅੱਗੇ ਵਧ ਰਿਹਾ ਹੈ ਅਤੇ ਗੁਜਰਾਤ ਵਿੱਚ ਦਵਾਰਕਾ ਤੋਂ ਲਗਪਗ 420 ਕਿਲੋਮੀਟਰ ਦੂਰ ਹੈ। ਦੂਜੇ ਪਾਸੇ ਮਹਾਰਾਸ਼ਟਰ ਵਿਚ ਇਸ ਸਬੰਧੀ ਸੱਤ ਅਕਤੂਬਰ ਤਕ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਤੇ ਮੁੰਬਈ ਵਿਚ ਸਮੁੰਦਰ ਵਿਚ ਉਚੀਆਂ ਛੱਲਾਂ ਉਠਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਲੋਕਾਂ ਨੂੰ ਸਮੁੰਦਰ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ।
ਭਾਰਤ ਮੌਸਮ ਵਿਭਾਗ (IMD) ਨੇ ਕਿਹਾ ਕਿ ਐਤਵਾਰ ਤੱਕ ਇਸ ਦੇ ਪੱਛਮ-ਦੱਖਣ-ਪੱਛਮ ਵੱਲ ਵਧਣ ਅਤੇ ਉੱਤਰ-ਪੱਛਮ ਅਤੇ ਨਾਲ ਲੱਗਦੇ ਪੱਛਮੀ-ਕੇਂਦਰੀ ਅਰਬ ਸਾਗਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਸੋਮਵਾਰ ਸਵੇਰ ਤੋਂ ਸ਼ਕਤੀ ਮੁੜ ਕੇ ਪੂਰਬ-ਉੱਤਰ-ਪੂਰਬ ਵੱਲ ਵਧੇਗਾ ਤੇ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਮੰਗਲਵਾਰ ਤੱਕ ਉੱਤਰ-ਪੱਛਮੀ ਅਰਬ ਸਾਗਰ, ਉੱਤਰ-ਪੂਰਬੀ ਅਰਬ ਸਾਗਰ ਦੇ ਨਾਲ ਲੱਗਦੇ ਖੇਤਰਾਂ, ਮੱਧ ਅਰਬ ਸਾਗਰ ਅਤੇ ਗੁਜਰਾਤ-ਉੱਤਰੀ ਮਹਾਰਾਸ਼ਟਰ ਦੇ ਤੱਟਾਂ ਦੇ ਨਾਲ-ਨਾਲ ਅਤੇ ਇਸ ਤੋਂ ਬਾਹਰ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਪੀ.ਟੀ.ਆਈ