ਲੇਹ ਵਿਚ ਸਵੇਰੇ 10 ਵਜੇ ਤੋਂ ਚਾਰ ਘੰਟਿਆਂ ਲਈ ਕਰਫਿਊ ’ਚ ਢਿੱਲ, ਇੰਟਰਨੈੱਟ ਸੇਵਾਵਾਂ ਅਜੇ ਵੀ ਮੁਅੱਤਲ
ਸਥਾਨਕ ਪ੍ਰਸ਼ਾਸਨ ਨੇ ਲੇਹ ਵਿਚ ਪਿਛਲੇ ਇਕ ਹਫ਼ਤੇ ਤੋਂ ਜਾਰੀ ਕਰਫਿਊ ਵਿਚ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਚਾਰ ਘੰਟਿਆਂ ਲਈ ਛੋਟ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਇਸ ਅਰਸੇ ਦੌਰਾਨ ਆਪਣੀ ਦੁਕਾਨਾਂ ਖੋਲ੍ਹਣ ਦੇ ਨਿਰਦੇਸ਼ ਦਿੱਤੇ...
ਸਥਾਨਕ ਪ੍ਰਸ਼ਾਸਨ ਨੇ ਲੇਹ ਵਿਚ ਪਿਛਲੇ ਇਕ ਹਫ਼ਤੇ ਤੋਂ ਜਾਰੀ ਕਰਫਿਊ ਵਿਚ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਚਾਰ ਘੰਟਿਆਂ ਲਈ ਛੋਟ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਇਸ ਅਰਸੇ ਦੌਰਾਨ ਆਪਣੀ ਦੁਕਾਨਾਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਲੇਹ ਸ਼ਹਿਰ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ, ਅਤੇ ਕਾਰਗਿਲ ਸਮੇਤ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹੋਰ ਪ੍ਰਮੁੱਖ ਹਿੱਸਿਆਂ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਵਾਲੇ ਹੁਕਮ ਅਜੇ ਵੀ ਲਾਗੂ ਹਨ।
ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ 24 ਸਤੰਬਰ ਨੂੰ ਹੋਈਆਂ ਵਿਆਪਕ ਝੜਪਾਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਚਾਰ ਲੋਕਾਂ, ਜਿਨ੍ਹਾਂ ਵਿਚ ਇੱਕ ਸੇਵਾਮੁਕਤ ਫੌਜੀ ਵੀ ਸ਼ਾਮਲ ਸੀ, ਦੇ ਅੰਤਿਮ ਸੰਸਕਾਰ ਤੋਂ ਥੋੜ੍ਹੀ ਦੇਰ ਬਾਅਦ, ਸੋਮਵਾਰ ਸ਼ਾਮੀਂ 4 ਵਜੇ ਤੋਂ ਕਰਫਿਊ ਵਿਚ ਦੋ ਘੰਟਿਆਂ ਲਈ ਛੋਟ ਦਿੱਤੀ ਗਈ ਸੀ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਰਫਿਊ ਵਾਲੇ ਇਲਾਕਿਆਂ ਵਿਚ ਛੋਟ ਦੇਣ ਦਾ ਫੈਸਲਾ ਹਾਲਾਤ ਮੁਤਾਬਕ ਲਿਆ ਜਾਵੇਗਾ। ਲੇਹ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਲਾਮ ਮੁਹੰਮਦ ਨੇ ਕਰਫਿਊ ਵਿਚ ਢਿੱਲ ਦੇ ਅਰਸੇ ਦੌਰਾਨ ਖਾਣ ਪੀਣ ਵਾਲੀਆਂ, ਕਰਿਆਨੇ, ਜ਼ਰੂਰੀ ਸੇਵਾਵਾਂ, ਹਾਰਡਵੇਅਰ ਤੇ ਸਬਜ਼ੀ ਵਾਲੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ।
ਅਧਿਕਾਰੀ ਨੇ ਕਿਹਾ, ‘‘ਪਿਛਲੇ ਬੁੱਧਵਾਰ ਨੂੰ ਹੋਈ ਹਿੰਸਾ ਨੂੰ ਛੱਡ ਕੇ, ਹਾਲ ਦੀ ਘੜੀ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਹੈ। ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲੀਸ ਅਤੇ ਨੀਮ ਫੌਜੀ ਬਲਾਂ ਨੂੰ ਭਾਰੀ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ।’’ ਉਪ ਰਾਜਪਾਲ ਕਵਿੰਦਰ ਗੁਪਤਾ ਲਗਪਗ ਰੋਜ਼ਾਨਾ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਹਨ। ਸੋਮਵਾਰ ਨੂੰ, ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ, ‘‘ਮੈਂ ਸਮਾਜ ਦੇ ਸਾਰੇ ਵਰਗਾਂ ਨੂੰ ਏਕਤਾ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਸਮਾਜ-ਵਿਰੋਧੀ ਅਤੇ ਰਾਸ਼ਟਰ-ਵਿਰੋਧੀ ਅਨਸਰਾਂ ਦੇ ਮਨਸੂਬਿਆਂ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕਰਦਾ ਹਾਂ। ਪ੍ਰਸ਼ਾਸਨ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ, ਮਾਣ ਅਤੇ ਤਰੱਕੀ ਨੂੰ ਯਕੀਨੀ ਬਣਾਏਗਾ।’’