ਆਈਈਡੀ ਧਮਾਕੇ ’ਚ ਸੀਆਰਪੀਐੱਫ ਦਾ ਸਬ-ਇੰਸਪੈਕਟਰ ਜ਼ਖ਼ਮੀ
ਚਾਏਬਾਸਾ (ਝਾਰਖੰਡ), 18 ਮਾਰਚ
ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਜੰਗਲ ਵਿੱਚ ਅੱਜ ਨਕਸਲ ਵਿਰੋਧੀ ਮੁਹਿੰਮ ਦੌਰਾਨ ਆਈਈਡੀ ਧਮਾਕੇ ’ਚ ਸੀਆਰਪੀਐੱਫ ਦਾ ਸਬ-ਇੰਸਪੈਕਟਰ ਜ਼ਖ਼ਮੀ ਹੋ ਗਿਆ। ਪੁਲੀਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਜ਼ਖ਼ਮੀ ਐੱਸਆਈ ਸੁਬੋਧ ਕੁਮਾਰ ਨੂੰ ਬਿਹਤਰ ਇਲਾਜ ਲਈ ਹੈਲੀਕਾਪਟਰ ਰਾਹੀਂ ਰਾਂਚੀ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਜਰਾਏਕੇਲਾ ਦੇ ਰਾਧਾ ਪੋਡਾ ਪਿੰਡ ਨੇੜੇ ਉਸ ਵੇਲੇ ਵਾਪਰੀ ਜਦੋਂ ਸੀਆਰਪੀਐੱਫ ਦੇ ਜਵਾਨਾਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਮਾਓਵਾਦੀਆਂ ਵੱਲੋਂ ਲਾਏ ਗਏ ਆਈਈਡੀ ’ਤੇ ਕਦਮ ਰੱਖਿਆ। ਇਸ ਤੋਂ ਪਹਿਲਾਂ ਨਕਸਲੀਆਂ ਨੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। -ਪੀਟੀਆਈ
ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਨੇ ਆਈਈਡੀ ਨਕਾਰਾ ਕੀਤਾ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਜ ਸਮੇਂ ਸਿਰ ਆਈਈਡੀ ਨਕਾਰਾ ਕਰ ਕੇ ਵੱਡੀ ਘਟਨਾ ਟਾਲ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਗਸ਼ਤ ਕਰ ਰਹੇ ਸੁਰੱਖਿਆ ਬਲਾਂ ਨੇ ਸ਼ੋਪੀਆਂ ਜ਼ਿਲ੍ਹੇ ਦੇ ਹਾਬਦੀਪੋਰਾ ਵਿੱਚ ਸੜਕ ਕਿਨਾਰੇ ਸ਼ੱਕੀ ਚੀਜ਼ ਵੇਖੀ, ਜੋ ਆਈਈਡੀ ਨਿਕਲੀ। ਤੁਰੰਤ ਬੰਬ ਨਿਰੋਧਕ ਦਸਤੇ ਨੂੰ ਮੌਕੇ ’ਤੇ ਬੁਲਾ ਕੇ ਆਈਈਡੀ ਨੂੰ ਨਕਾਰਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲ੍ਹੇ ’ਚ ਇਸੇ ਤਰ੍ਹਾਂ ਆਈਈਡੀ ਨਕਾਰਾ ਕੀਤਾ ਸੀ। -ਪੀਟੀਆਈ