ਸੀ ਆਰ ਪੀ ਐੱਫ ਨੇ ਨਕਸਲ ਪ੍ਰਭਾਵਿਤ ਬਸਤਰ ਇਲਾਕੇ ’ਚ 10 ਹਜ਼ਾਰ ਰੇਡੀਓ ਸੈੱਟ ਵੰਡੇ
ਖਿੱਤੇ ਦੇ ਲੋਕਾਂ ਤੱਕ ਪਹੁੰਚਾੲੀ ਜਾਵੇਗੀ ਕੌਮੀ ਵਿਚਾਰਧਾਰਾ
ਸੀ ਆਰ ਪੀ ਐੱਫ ਨੇ ਬਸਤਰ ਦੇ ਦੂਰ-ਦਰਾਜ ਦੇ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ 10,000 ਤੋਂ ਵੱਧ ਰੇਡੀਓ ਸੈੱਟ ਵੰਡੇ ਹਨ। ਇਹ ਇੱਕ ਵਿਸ਼ੇਸ਼ ਜਨਤਕ ਮੁਹਿੰਮ ਦਾ ਹਿੱਸਾ ਹੈ ਜਿਸ ਦਾ ਮਕਸਦ ਖੇਤਰ ਵਿੱਚ ਰਾਸ਼ਟਰੀ ਵਿਚਾਰਧਾਰਾ ਨੂੰ ਫੈਲਾਉਣਾ ਅਤੇ ਸਥਾਨਕ ਲੋਕਾਂ ਨੂੰ ਮਾਓਵਾਦੀ ਸੋਚ ਤੋਂ ਦੂਰ ਕਰਨਾ ਹੈ। ਇਸ ਖੇਤਰ ਵਿੱਚ ਹਿੰਸਕ ਖੱਬੇਪੱਖੀ ਕੱਟੜਵਾਦ (LWE) ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ।
ਨੀਮ ਫੌਜੀ ਬਲ ਨੇ ਹਾਲ ਹੀ ਵਿੱਚ ਪਿੰਡਾਂ ਵਿੱਚ ਸੈਂਕੜੇ ਛੋਟੇ ਅਤੇ ਵੱਡੇ ਜਨਤਕ ਸਮਾਗਮ ਕਰਨ ਤੋਂ ਬਾਅਦ ਲਗਭਗ ਚਾਰ ਮਹੀਨੇ ਚੱਲੀ ਇਸ ਕਾਰਵਾਈ ਨੂੰ ਪੂਰਾ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਸਤਰ ਖੇਤਰ ਦੇ ਸੱਤ ਜ਼ਿਲ੍ਹਿਆਂ ਲਈ ਇਹ ਪ੍ਰੋਗਰਾਮ ਇਸ ਸਾਲ ਦੀ ਸ਼ੁਰੂਆਤ ਵਿੱਚ ਗ੍ਰਹਿ ਮੰਤਰਾਲੇ (MHA) ਵੱਲੋਂ 1.62 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਕੀਤਾ ਗਿਆ ਸੀ।
ਬੀਜਾਪੁਰ ਜ਼ਿਲ੍ਹੇ ਵਿੱਚ ਤਾਇਨਾਤ ਸੈਂਟਰਲ ਰਿਜ਼ਰਵ ਪੁਲੀਸ ਫੋਰਸ (CRPF) ਦੇ ਇੱਕ ਕਮਾਂਡਰ ਨੇ ਦੱਸਿਆ ਕਿ ਖੇਤਰ ਦੇ ਦੂਰ-ਦੁਰਾਡੇ ਦੇ ਸਥਾਨਾਂ ’ਤੇ ਤਾਇਨਾਤ ਨੀਮ ਫੌਜੀ ਬਲ ਦੀਆਂ 180 ਕੰਪਨੀਆਂ ਵੱਲੋਂ ਕੁੱਲ 10,800 ਰੇਡੀਓ ਸੈੱਟ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਪ੍ਰੋਗਰਾਮ ਦਾ ਉਦੇਸ਼ ਲਗਭਗ 54,000 ਵਿਅਕਤੀਆਂ ਨੂੰ ਜੋੜਨਾ ਹੈ, ਜਿਸ ਵਿੱਚ ਹਰੇਕ ਪਰਿਵਾਰ ਨੂੰ ਪੰਜ ਮੈਂਬਰੀ ਇਕਾਈ ਮੰਨਿਆ ਗਿਆ ਹੈ।