ਸਰਹੱਦ ਪਾਰੋਂ ਅਤਿਵਾਦ ਦੇ ਅਪਰਾਧੀ ਜਵਾਬਦੇਹ ਠਹਿਰਾਏ ਜਾਣ: ਡੋਵਾਲ
ਪੇਈਚਿੰਗ, 24 ਜੂਨ
ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਅੱਜ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਨੂੰ ਸਰਹੱਦ ਪਾਰੋਂ ਅਤਿਵਾਦ ਦੇ ਅਪਰਾਧੀਆਂ ਤੇ ਫੰਡ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਦਾ ਸੱਦਾ ਦਿੱਤਾ, ਜਿਸ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਖ਼ਿਲਾਫ਼ ਕਾਰਵਾਈ ਦੀ ਮੰਗ ਵਜੋਂ ਦੇਖਿਆ ਜਾ ਰਿਹਾ ਹੈ।
ਐੱਸਸੀਓ ਦੇ ਸਿਖਰਲੇ ਸੁਰੱਖਿਆ ਅਧਿਕਾਰੀਆਂ ਦੇ ਸੰਮੇਲਨ ਦੌਰਾਨ ਡੋਵਾਲ ਨੇ ਕਿਹਾ ਕਿ ਭਾਰਤ, ਲਸ਼ਕਰ-ਏ-ਤਇਬਾ, ਜੈਸ਼-ਏ-ਮੁਹੰਮਦ, ਅਲਕਾਇਦਾ, ਆਈਐੱਸਆਈਐੱਸ ਤੇ ਇਸ ਦੇ ਸਹਿਯੋਗੀ ਅਤਿਵਾਦੀ ਸਮੂਹਾਂ ਤੋਂ ਲਗਾਤਾਰ ਖਤਰੇ ਨੂੰ ਲੈ ਕੇ ਬਹੁਤ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਨਵੀਂ ਦਿੱਲੀ ਨੇ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਤੇ ਅਤਿਵਾਦੀਆਂ ਨੂੰ ਭਾਰਤ ’ਚ ਹਮਲੇ ਕਰਨ ਤੋਂ ਰੋਕਣ ਲਈ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ। ਡੋਵਾਲ ਨੇ ਕਿਹਾ ਕਿ ਭਾਰਤ ਦੀ ਕਾਰਵਾਈ ‘ਗਿਣੀ-ਮਿੱਥੀ ਤੇ ਬਿਨਾਂ ਭੜਕਾਹਟ ਵਾਲੀ’ ਸੀ। ਉਨ੍ਹਾਂ ਅਤਿਵਾਦ ਖ਼ਿਲਾਫ਼ ਲੜਾਈ ਦੇ ਦੋਹਰੇ ਪੈਮਾਨੇ ਤਿਆਗਣ ਅਤੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅਤਿਵਾਦੀਆਂ ਅਤੇ ਲਸ਼ਕਰ-ਏ-ਤਇਬਾ, ਜੈਸ਼-ਏ-ਮੁਹੰਮਦ ਅਤੇ ਉਸ ਦੇ ਹਮਾਇਤੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਡੋਵਾਲ ਨੇ ਖਾਸ ਤੌਰ ’ਤੇ ਇਨ੍ਹਾਂ ਸਮੂਹਾਂ ਦੇ ਅਤਿਵਾਦੀ ਬੁਨਿਆਦੀ ਢਾਂਚੇ ਅਤੇ ਉਨ੍ਹਾਂ ਦੇ ਅਤਿਵਾਦੀ ਤੰਤਰ ਨੂੰ ਤਬਾਹ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੁਹਰਾਇਆ ਕਿ ਸਰਹੱਦ ਪਾਰੋਂ ਅਤਿਵਾਦ ਸਮੇਤ ਕੋਈ ਵੀ ਅਤਿਵਾਦੀ ਗਤੀਵਿਧੀ ਮਨੁੱਖਤਾ ਵਿਰੁੱਧ ਅਪਰਾਧ ਹੈ। ਇਸੇ ਦੌਰਾਨ ਅਜੀਤ ਡੋਵਾਲ ਨੇ ਅੱਜ ਰੂਸ ਦੇ ਸੁਰੱਖਿਆ ਕੌਂਸਲ ਦੇ ਉਪ ਸਕੱਤਰ ਅਲੈਗਜ਼ੈਂਦਰ ਵੈਨੇਦਿਕਤੋਵ ਨਾਲ ਦੁਵੱਲਾ ਸਹਿਯੋਗ ਅੱਗੇ ਵਧਾਉਣ ਦੇ ਮਹੱਤਵ ’ਤੇ ਚਰਚਾ ਕੀਤੀ। ਡੋਵਾਲ ਨੇ ਐੱਸਸੀਓ ਦੇ ਸੁਰੱਖਿਆ ਕੌਂਸਲ ਸਕੱਤਰਾਂ ਦੀ ਮੀਟਿੰਗ ’ਚ ਸ਼ਾਮਲ ਵਫ਼ਦਾਂ ਦੇ ਮੁਖੀਆਂ ਨਾਲ ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਨਾਲ ਮੁਲਾਕਾਤ ਕੀਤੀ ਅਤੇ ਮੈਂਬਰ ਮੁਲਕਾਂ ਵਿਚਾਲੇ ਸੁਰੱਖਿਆ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। -ਪੀਟੀਆਈ
ਅਤਿਵਾਦ ਖ਼ਿਲਾਫ਼ ਸਹਿਯੋਗ ਦੀ ਵਕਾਲਤ ਕਰਨਗੇ ਰਾਜਨਾਥ
ਨਵੀਂ ਦਿੱਲੀ: ਪਾਕਿਸਤਾਨ ਦੀ ਸ਼ਹਿ ਪ੍ਰਾਪਤ ਸਰਹੱਦ ਪਾਰੋਂ ਹੁੰਦੇ ਅਤਿਵਾਦ ਖ਼ਿਲਾਫ਼ ਭਾਰਤ ਦੀਆਂ ਕੂਟਨੀਤਕ ਕੋਸ਼ਿਸ਼ਾਂ ਦੀ ਤਰਜ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ 25 ਜੂਨ ਨੂੰ ਚੀਨ ਦੇ ਕਿੰਗਦਾਓ ’ਚ ਸ਼ੁਰੂ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਦੋ ਰੋਜ਼ਾ ਸੰਮੇਲਨ ’ਚ ਅਤਿਵਾਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਧਾਉਣ ’ਤੇ ਜ਼ੋਰ ਦੇਣਗੇ। ਉਹ ਸੰਮੇਲਨ ਲਈ ਪੂਰਬੀ ਸ਼ਾਂਦੋਂਗ ਸੂਬੇ ਦੇ ਸਾਹਿਲੀ ਸ਼ਹਿਰ ਕਿੰਗਦਾਓ ਦੀ ਯਾਤਰਾ ਕਰ ਰਹੇ ਹਨ ਜਿੱਥੇ ਖੇਤਰੀ ਸੁਰੱਖਿਆ ਬਾਰੇ ਵਿਚਾਰ-ਚਰਚਾ ਹੋਣ ਦੀ ਉਮੀਦ ਹੈ।