DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ਸਲ ਘੱਟ, ਸ਼ੈਲਰ ਵੱਧ: ਮਿੱਲਰਾਂ ’ਚ ਲੱਗੀ ਝੋਨਾ ਚੁੱਕਣ ਦੀ ਦੌੜ

ਫ਼ਸਲ ਘੱਟ, ਸ਼ੈਲਰ ਵੱਧ: ਮਿੱਲਰਾਂ ’ਚ ਲੱਗੀ ਝੋਨਾ ਚੁੱਕਣ ਦੀ ਦੌੜ

  • fb
  • twitter
  • whatsapp
  • whatsapp
Advertisement

ਐਤਕੀਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ’ਚ ਉਲਟੀ ਗੰਗਾ ਵਹਿ ਰਹੀ ਹੈ। ਝੋਨੇ ਦਾ ਝਾੜ ਘਟਣ ਕਰ ਕੇ ਸ਼ੈਲਰ ਮਾਲਕ ਹੱਥੋਂ ਹੱਥ ਝੋਨਾ ਚੁੱਕ ਰਹੇ ਹਨ। ਇਸ ਵਾਰ ਫ਼ਸਲ ਦੀ ਪੈਦਾਵਾਰ ਘੱਟ ਹੈ ਜਦੋਂ ਕਿ ਸ਼ੈਲਰਾਂ ਦੀ ਸਮਰੱਥਾ ਜ਼ਿਆਦਾ ਹੈ। ਪੰਜਾਬ ਸਰਕਾਰ ਨੇ ਚੌਲ ਮਿੱਲ ਮਾਲਕਾਂ ਦੀ ਮਾਰਾ-ਮਾਰੀ ਨੂੰ ਦੇਖਦਿਆਂ ਦੂਸਰੇ ਜ਼ਿਲ੍ਹਿਆਂ ’ਚੋਂ ਝੋਨਾ ਲਿਆਉਣ ਦੇ ਰਿਲੀਜ਼ ਆਰਡਰ ਬੰਦ ਕਰ ਦਿੱਤੇ ਹਨ। ਆਮ ਰੁਝਾਨ ਇਹੋ ਰਹਿੰਦਾ ਹੈ ਕਿ ਮਾਲਵਾ ਖਿੱਤੇ ’ਚ ਜ਼ਿਆਦਾ ਸ਼ੈਲਰ ਹੋਣ ਕਰ ਕੇ ਚੌਲ ਮਿੱਲ ਮਾਲਕਾਂ ਨੂੰ ਮਾਝਾ ਇਲਾਕੇ ’ਚੋਂ ਜੀਰੀ ਲਿਆਉਣ ਲਈ ਰਿਲੀਜ਼ ਆਰਡਰ ਜਾਰੀ ਕੀਤੇ ਜਾਂਦੇ ਸਨ।

ਪੰਜਾਬ ਵਿੱਚ ਕਰੀਬ 5520 ਚੌਲ ਮਿੱਲਾਂ ਹਨ ਜਿਨ੍ਹਾਂ ’ਚੋਂ ਪਟਿਆਲਾ ਵਿੱਚ 650 ਅਤੇ ਬਠਿੰਡਾ ’ਚ 535 ਚੌਲ ਮਿੱਲਾਂ ਹਨ। ਦੂਸਰੇ ਪਾਸੇ ਮਾਝਾ ਖੇਤਰ ’ਚ ਸ਼ੈਲਰ ਘੱਟ ਹਨ। ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਨੇ ਅੱਜ ਦਰਜਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਕੰਟਰੋਲਰਾਂ ਨੂੰ ਪੱਤਰ ਜਾਰੀ ਕਰ ਕੇ ਨਿਰਦੇਸ਼ ਦਿੱਤੇ ਹਨ ਕਿ ਸਥਾਨਕ ਸ਼ੈਲਰਾਂ ਨੂੰ ਹੀ ਜੀਰੀ ਦੇਣ ਨੂੰ ਤਰਜੀਹ ਦਿੱਤੀ ਜਾਵੇ। ਜ਼ੁਬਾਨੀ ਤੌਰ ’ਤੇ ਰਿਲੀਜ਼ ਆਰਡਰ ਬੰਦ ਹੀ ਕਰ ਦਿੱਤੇ ਗਏ ਹਨ। ਮਿਸਾਲ ਦੇ ਤੌਰ ’ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਫ਼ਸਲ ਤਬਾਹ ਹੋਈ ਹੈ ਅਤੇ ਜੋ ਜੀਰੀ ਬਚੀ ਹੈ, ਉਹ ਹੁਣ ਸਥਾਨਕ ਮਿੱਲਰਾਂ ਨੂੰ ਹੀ ਮਿਲੇਗੀ।

Advertisement

ਚੇਤੇ ਰਹੇ ਕਿ ਪਿਛਲੇ ਸੀਜ਼ਨ ਵਿੱਚ ਕਾਫ਼ੀ ਚੌਲ ਮਿੱਲਾਂ ਚੱਲੀਆਂ ਹੀ ਨਹੀਂ ਸਨ ਪਰ ਮਿੱਲਰਾਂ ਨੂੰ ਚੰਗੀ ਕਮਾਈ ਹੋਣ ਕਰ ਕੇ ਐਤਕੀਂ ਸਭ ਚੌਲ ਮਿੱਲਾਂ ਚਾਲੂ ਹੋ ਗਈਆਂ ਹਨ। ਉੱਪਰੋਂ ਬਾਇਓ ਉਤਪਾਦ ਦੀਆਂ ਕੀਮਤਾਂ ਉੱਚੀਆਂ ਰਹਿਣ ਕਰ ਕੇ ਸ਼ੈਲਰਾਂ ਵਾਲਿਆਂ ਦੇ ਵਾਰੇ-ਨਿਆਰੇ ਹੋ ਗਏ ਸਨ। ਪੰਜਾਬ ਸਰਕਾਰ ਵੱਲੋਂ ਇਸ ਵਾਰ ਪਹਿਲਾਂ 175 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਸੀ ਜਿਸ ਨੂੰ ਹੁਣ ਸੋਧ ਕੇ 165 ਲੱਖ ਟਨ ਕਰ ਦਿੱਤਾ ਗਿਆ ਹੈ। ਹਕੀਕਤ ਵਿੱਚ ਇਹ ਟੀਚਾ ਵੀ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ। ਹੜ੍ਹਾਂ ਕਾਰਨ ਹੋਏ ਫ਼ਸਲੀ ਨੁਕਸਾਨ ਤੋਂ ਇਲਾਵਾ ਝੋਨੇ ਦੀ ਫ਼ਸਲ ਨੂੰ ਬਿਮਾਰੀ ਪੈਣ ਕਰ ਕੇ ਝਾੜ ਕਾਫ਼ੀ ਪ੍ਰਭਾਵਿਤ ਹੋਇਆ ਹੈ। ਚੌਲ ਮਿੱਲ ਮਾਲਕਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਵੰਡ ਮੁਤਾਬਕ ਝੋਨਾ ਨਹੀਂ ਮਿਲੇਗਾ। ਪੰਜਾਬ ਸਰਕਾਰ ਨੇ ਜਿੱਥੇ ਕਿਤੇ ਸ਼ੈਲਰ ਜ਼ਿਆਦਾ ਹਨ ਅਤੇ ਫ਼ਸਲ ਘੱਟ ਹੈ, ਉੱਥੇ ਮਿੱਲਰਾਂ ਨੂੰ ਸਮਰੱਥਾ ਤੋਂ ਘੱਟ ਵੰਡ ਕੀਤੀ ਹੈ।

Advertisement

ਜਿਵੇਂ ਬਠਿੰਡਾ ਜ਼ਿਲ੍ਹੇ ਦੇ ਸੰਗਤ ਇਲਾਕੇ ’ਚ 42 ਸ਼ੈਲਰ ਹਨ, ਉੱਥੇ ਹਰੇਕ ਸ਼ੈਲਰ ’ਤੇ 56 ਫ਼ੀਸਦੀ ਦਾ ਕੱਟ ਲਗਾ ਦਿੱਤਾ ਗਿਆ ਹੈ। ਇੱਕ ਸ਼ੈਲਰ ਮਾਲਕ ਨੇ ਦੱਸਿਆ ਕਿ ਪ੍ਰਤੀ ਟਨ ਦੀ ਸਮਰੱਥਾ ਵਾਲੇ ਸ਼ੈਲਰ ਨੂੰ ਅਸੂਲਨ 60 ਹਜ਼ਾਰ ਬੋਰੀ ਦੀ ਵੰਡ ਲੋੜੀਂਦੀ ਹੈ। ਉਨ੍ਹਾਂ ਦੱਸਿਆ ਕਿ ਦੋ ਟਨ ਦੇ ਸ਼ੈਲਰ ਨੂੰ ਸਰਕਾਰ ਨੇ 65 ਹਜ਼ਾਰ ਬੋਰੀ ਦੀ ਹੀ ਵੰਡ ਕੀਤੀ ਹੈ। ਮਲੋਟ ਦੇ ਖੇਤਰ ਵਿੱਚ ਸ਼ੈਲਰ ਘੱਟ ਹਨ ਅਤੇ ਫ਼ਸਲ ਜ਼ਿਆਦਾ ਹੈ ਜਿੱਥੇ ਸ਼ੈਲਰ ਪੂਰੀ ਸਮਰੱਥਾ ’ਤੇ ਚੱਲਣਗੇ। ਪਤਾ ਲੱਗਿਆ ਹੈ ਕਿ ਸ਼ੈਲਰਾਂ ਵਾਲੇ ਫ਼ਸਲ ਚੁੱਕਣ ਲਈ ਪੱਬਾਂ ਭਾਰ ਹਨ ਜਿਸ ਕਰ ਕੇ ਮੰਡੀਆਂ ’ਚ ਐਤਕੀਂ ਫ਼ਸਲ ਦੇ ਅੰਬਾਰ ਲੱਗਣ ਦੀ ਨੌਬਤ ਕਿਧਰੇ ਨਜ਼ਰ ਨਹੀਂ ਆਈ ਹੈ। ਮੰਡੀਆਂ ਵਿੱਚ ਹੁਣ ਤੱਕ 84.05 ਲੱਖ ਟਨ ਫਸਲ ਆ ਚੁੱਕੀ ਹੈ ਜਿਸ ਵਿੱਚੋਂ 81.25 ਲੱਖ ਟਨ ਦੀ ਖ਼ਰੀਦ ਹੋ ਚੁੱਕੀ ਹੈ। ਖ਼ਰੀਦੀ ਗਈ ਫਸਲ ’ਚੋਂ 60.55 ਲੱਖ ਟਨ ਫ਼ਸਲ ਦੀ ਚੁਕਾਈ ਵੀ ਹੋ ਚੁੱਕੀ ਹੈ। ਮੰਡੀਆਂ ਵਿੱਚ ਨਮੀ ਦਾ ਰੌਲਾ ਵੀ ਬਹੁਤਾ ਨਹੀਂ ਹੈ। ਇਨ੍ਹਾਂ ਹਾਲਾਤ ’ਚ ਪੰਜਾਬ ਸਰਕਾਰ ਨੂੰ ਸੁੱਖ ਦਾ ਸਾਹ ਆਇਆ ਹੈ। ਫ਼ਸਲ ਘੱਟ ਹੋਣ ਕਰ ਕੇ ਚੌਲ ਲਈ ਭੰਡਾਰਨ ਵਾਸਤੇ ਜਗ੍ਹਾ ਦੀ ਵੀ ਘੱਟ ਲੋੜ ਪਵੇਗੀ। ਕੇਂਦਰ ਸਰਕਾਰ ਨੇ ਪੰਜਾਬ ’ਚੋਂ ਕੁੱਝ ਦਿਨ ਪਹਿਲਾਂ ਝੋਨੇ ਦੀ ਫ਼ਸਲ ਦੇ ਨਮੂਨੇ ਭਰੇ ਸਨ ਤਾਂ ਜੋ ਖ਼ਰੀਦ ਮਾਪਦੰਡਾਂ ’ਚ ਛੋਟ ਦੇ ਮਾਮਲੇ ਨੂੰ ਵਿਚਾਰਿਆ ਜਾ ਸਕੇ। ਬੇਸ਼ੱਕ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ ਪ੍ਰੰਤੂ ਸ਼ੈਲਰਾਂ ਦੀ ਖਿੱਚ ਕਰ ਕੇ ਫ਼ਸਲ ਵਿੱਚ ਕਿਧਰੇ ਗੁਣਵੱਤਾ ਨੂੰ ਲੈ ਕੇ ਵੱਡੇ ਸਵਾਲ ਨਹੀਂ ਉੱਠ ਰਹੇ ਹਨ।

ਪੂਰੀ ਸਮਰੱਥਾ ’ਤੇ ਨਹੀਂ ਚੱਲਣਗੇ ਸ਼ੈਲਰ: ਐਸੋਸੀਏਸ਼ਨ

ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਆਖਦੇ ਹਨ ਕਿ ਇਸ ਵਾਰ 30 ਲੱਖ ਟਨ ਤੋਂ ਜ਼ਿਆਦਾ ਫ਼ਸਲ ਦੀ ਪੈਦਾਵਾਰ ’ਚ ਕਟੌਤੀ ਹੋ ਜਾਣੀ ਹੈ ਜਿਸ ਕਰ ਕੇ ਸ਼ੈਲਰ ਮਾਲਕਾਂ ਨੂੰ ਫ਼ਸਲ ਦੀ ਪੂਰੀ ਲਿੰਕੇਜ ਨਹੀਂ ਮਿਲਣੀ ਹੈ। ਹੜ੍ਹਾਂ ਕਰ ਕੇ ਮਾਝਾ ’ਚ ਤਾਂ ਫ਼ਸਲ ਤਬਾਹ ਹੀ ਹੋ ਗਈ ਹੈ ਜਿਸ ਕਰ ਕੇ ਸਰਕਾਰ ਨੇ ਰਿਲੀਜ਼ ਆਰਡਰ ਵੀ ਬੰਦ ਕਰ ਦਿੱਤੇ ਹਨ। ਮੰਡੀਆਂ ’ਚੋਂ ਚੁਕਾਈ ਦੀ ਵੀ ਕਿਧਰੇ ਕੋਈ ਸਮੱਸਿਆ ਨਹੀਂ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਸ਼ੈਲਰ ਪੂਰੀ ਸਮਰੱਥਾ ’ਤੇ ਨਹੀਂ ਚੱਲ ਸਕਣਗੇ।

Advertisement
×