ਕਰੈਡਿਟ ਕਾਰਡ ਧਾਰਕਾਂ ਨਾਲ 2.6 ਕਰੋੜ ਰੁਪਏ ਦੀ ਧੋਖਾਧੜੀ
ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੇ ਕਰੈਡਿਟ ਕਾਰਡ ਧਾਰਕਾਂ ਨਾਲ ਲਗਪਗ 2.6 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਅੱਜ ਦੱਸਿਆ ਕਿ ਛੇ ਮਹੀਨੇ ਚੱਲੀ ਇਸ ਮੁਹਿੰਮ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਗੁਰੂਗ੍ਰਾਮ ਦੇ ਕਾਲ ਸੈਂਟਰ ਵਿੱਚ ਅੰਦਰੂਨੀ ਸਰੋਤਾਂ ਰਾਹੀਂ ਗਾਹਕਾਂ ਦਾ ਗੁਪਤ ਅੰਕੜਾ ਹਾਸਲ ਕੀਤਾ। ਇਸ ਮਗੋਂ ਉਹ ਬੈਂਕ ਅਧਿਕਾਰੀ ਬਣ ਕੇ ਵਨ ਟਾਈਮ ਪਾਸਵਰਡ (ਓਟੀਪੀ) ਅਤੇ ‘ਕਾਰਡ ਵੈਰੀਫਿਕੇਸ਼ਨ ਵੈਲਿਊਜ਼’ (ਸੀਵੀਵੀ) ਵਰਗੇ ਸੰਵੇਦਨਸ਼ੀਲ ਵੇਰਵੇ ਪ੍ਰਾਪਤ ਕਰਕੇ ਲੋਕਾਂ ਨਾਲ ਠੱਗੀ ਮਾਰ ਰਹੇ ਸਨ। ਪੁਲੀਸ ਦੇ ਡਿਪਟੀ ਕਮਿਸ਼ਨਰ (ਆਈਐੱਫਐੱਸਓ) ਵਿਨੀਤ ਕੁਮਾਰ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, ‘‘ਮੁਲਜ਼ਮਾਂ ਨੇ ਚੋਰੀ ਕੀਤੀ ਸੰਵੇਦਨਸ਼ੀਲ ਜਾਣਕਾਰੀ ਦੀ ਵਰਤੋਂ ਕਰਕੇ ਆਨਲਾਈਨ ਟਰੈਵਲ ਬੁਕਿੰਗ ਵਰਗੇ ਪਲੈਟਫਾਰਮਾਂ ਤੋਂ ਇਲੈਕਟ੍ਰਾਨਿਕ ਗਿਫਟ ਕਾਰਡ ਖ਼ਰੀਦੇ ਅਤੇ ਬਾਅਦ ਵਿੱਚ ਇਹ ਟਰੈਵਲ ਏਜੰਟਾਂ ਨੂੰ ਵੇਚ ਦਿੱਤੇ। ਆਮਦਨ ਦੀ ਨਕਦੀ ਅਤੇ ਕ੍ਰਿਪਟੋਕਰੰਸੀ ਚੈਨਲਾਂ, ਮੁੱਖ ਤੌਰ ’ਤੇ ਟੀਥਰ (ਯੂਐੱਸਡੀਟੀ) ਰਾਹੀਂ ਮਨੀ ਲਾਂਡਰਿਗ ਕੀਤੀ ਗਈ ਸੀ।’’ ਟੀਥਰ (ਯੂਐੱਸਡੀਟੀ) ਕ੍ਰਿਪਟੋਕਰੰਸੀ ਹੈ, ਜਿਸ ਨੂੰ ਅਮਰੀਕੀ ਡਾਲਰ ਦੇ ਕੀਮਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਧੋਖਾਧੜੀ ਦੇ ਮੁੱਖ ਸਾਜ਼ਿਸ਼ਘਾੜੇ ਅੰਕਿਤ ਰਾਠੀ, ਵਸੀਮ ਅਤੇ ਵਿਸ਼ਾਲ ਭਾਰਦਵਾਜ ਹਨ।