DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁੱਲੂ ਜ਼ਿਲ੍ਹੇ ਦੇ ਦੋ ਪਿੰਡਾਂ ’ਚ 28 ਮਕਾਨਾਂ ’ਚ ਤਰੇੜਾਂ

ਟ੍ਰਿਬਿਊਨ ਨਿਊਜ਼ ਸਰਵਿਸ ਮੰਡੀ, 6 ਅਗਸਤ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਪੈਂਦੀ ਤੀਰਥਨ ਵਾਦੀ ਵਿਚਲੇ ਦੋ ਪਿੰਡਾਂ ਬਾਂਦਲ ਤੇ ਕੋਸ਼ੂਨਾਲੀ ਦੇ 28 ਮਕਾਨਾਂ ਵਿੱਚ ਤਰੇੜਾਂ ਪੈ ਗਈਆਂ ਹਨ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਆਪੋ-ਆਪਣੇ ਘਰ ਛੱਡ ਕੇ ਸੁਰੱਖਿਅਤ...
  • fb
  • twitter
  • whatsapp
  • whatsapp
featured-img featured-img
ਉੱਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਢਿੱਗਾਂ ਡਿੱਗਣ ਕਾਰਨ ਲਾਪਤਾ ਹੋਏ ਲੋਕਾਂ ਦੀ ਭਾਲ ਕਰਦੇ ਹੋਏ ਐਨਡੀਆਰਐਫ ਦੇ ਜਵਾਨ। -ਫੋਟੋ: ਪੀਟੀਆਈ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਮੰਡੀ, 6 ਅਗਸਤ

Advertisement

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਪੈਂਦੀ ਤੀਰਥਨ ਵਾਦੀ ਵਿਚਲੇ ਦੋ ਪਿੰਡਾਂ ਬਾਂਦਲ ਤੇ ਕੋਸ਼ੂਨਾਲੀ ਦੇ 28 ਮਕਾਨਾਂ ਵਿੱਚ ਤਰੇੜਾਂ ਪੈ ਗਈਆਂ ਹਨ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਆਪੋ-ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਆਸਰਾ ਲੈਣ ਨੂੰ ਮਜਬੂਰ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਪਿਛਲੇ ਮਹੀਨੇ ਪਏ ਭਾਰੀ ਮੀਂਹ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਮੀਂਹ ਕਾਰਨ ਇਸ ਸਮੁੱਚੇ ਇਲਾਕੇ ਵਿੱਚ ਢਿੱਗਾਂ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰਾਂ ਵਿੱਚ ਹਲਕੀਆਂ ਤਰੇੜਾਂ ਸਨ ਪਰ ਹੁਣ ਇਹ ਤਰੇੜਾਂ ਕਾਫੀ ਵਧ ਗਈਆਂ ਹਨ। ਇਨ੍ਹਾਂ ਤਰੇੜਾਂ ਕਾਰਨ ਇਹ ਮਕਾਨ ਰਹਿਣ ਲਈ ਸੁਰੱਖਿਅਤ ਨਹੀਂ ਰਹੇ ਹਨ।

ਕੋਸ਼ੂਨਾਲੀ ਦੀ ਇਕ ਵਸਨੀਕ ਤਾਰਾ ਦੇਵੀ ਨੇ ਕਿਹਾ, ‘‘ਮੇਰਾ ਘਰ ਨੁਕਸਾਨਿਆ ਗਿਆ ਹੈ ਜਦਕਿ ਮੇਰੇ ਤੋਂ ਅਗਲਾ ਮਕਾਨ ਵੀ ਖਤਰੇ ’ਚ ਹੈ ਜੋ ਕਿ ਕਿਸੇ ਵੀ ਸਮੇਂ ਡਿੱਗ ਸਕਦਾ ਹੈ।’’ ਇਸੇ ਤਰ੍ਹਾਂ ਬਾਂਦਲ ਤੇ ਕੋਸ਼ੂਨਾਲੀ ਪਿੰਡਾਂ ਦੇ ਵਸਨੀਕਾਂ ਸ਼ਾਰਦਾ ਦੇਵੀ, ਉੱਤਮ ਰਾਮ, ਕੁਲਦੀਪ ਸਿੰਘ, ਰਵਿੰਦਰ ਕੁਮਾਰ ਅਤੇ ਕੁਝ ਹੋਰਾਂ ਨੇ ਦੱਸਿਆ ਕਿ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ੲਿਹ ਦੋਵੇਂ ਪਿੰਡ ਰਹਿਣ ਲਈ ਸੁਰੱਖਿਅਤ ਨਹੀਂ ਰਹੇ ਹਨ। ਪਹਿਲਾਂ ਘਰਾਂ ਵਿੱਚ ਤਰੇੜਾਂ ਹਲਕੀਆਂ ਸਨ ਪਰ ਹੁਣ ਇਹ ਕਾਫੀ ਵਧ ਗਈਆਂ ਹਨ। ਅਜਿਹੇ 28 ਮਕਾਨ ਹਨ। ਉਨ੍ਹਾਂ ਕਿਹਾ, ‘‘ਅਸੀਂ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਥਾਵਾਂ ’ਤੇ ਵਸਾਇਆ ਜਾਵੇ। ਇਸ ਵੇਲੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਆਸਰਾ ਲਿਆ ਹੋਇਆ ਹੈ। ਖੇਤਰ ਵਿੱਚ ਤੁਰੰਤ ਭੂ ਵਿਗਿਆਨੀਆਂ ਤੋਂ ਇਕ ਸਰਵੇਖਣ ਕਰਵਾਏ ਜਾਣ ਦੀ ਲੋੜ ਹੈ।’’

ਉੱਧਰ, ਬੰਜਾਰ ਦੇ ਐੱਸਡੀਐੱਮ ਹੇਮ ਚੰਦ ਵਰਮਾ ਨੇ ਕਿਹਾ, ‘‘ਮੈਂ ਖ਼ੁਦ ਦੋਵੇਂ ਪਿੰਡਾਂ ਬਾਂਦਲ ਤੇ ਕੋਸ਼ੂਨਾਲੀ ਜਾ ਕੇ ਖਤਰੇ ਵਾਲੇ ਘਰਾਂ ਨੂੰ ਖਾਲੀ ਕਰਵਾਇਆ ਹੈ। ਮੈਂ ਡਿਪਟੀ ਕਮਿਸ਼ਨਰ ਕੁੱਲੂ ਨੂੰ ਬੇਨਤੀ ਕੀਤੀ ਹੈ ਕਿ ਭੂ ਵਿਗਿਆਨੀਆਂ ਨੂੰ ਸੱਦ ਕੇ ਇਕ ਸਰਵੇਖਣ ਕਰਵਾਇਆ ਜਾਵੇ।

ਉੱਤਰਾਖੰਡ ਮੀਂਹ: ਕੰਧ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ

ਦੇਹਰਾਦੂਨ: ਉੱਤਰਾਖੰਡ ਵਿੱਚ ਕਈ ਥਾਵਾਂ ’ਤੇ ਲਗਾਤਾਰ ਪੈ ਰਹੇ ਮੀਂਹ ਵਿਚਾਲੇ ਟੀਹਰੀ ਵਿੱਚ ਇਕ ਮਕਾਨ ਦੀ ਕੰਧ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਨੇਹਾ (12) ਅਤੇ ਰਣਵੀਰ (12) ਵਜੋਂ ਹੋਈ ਹੈ। ਦੂਜੇ ਪਾਸੇ ਗੌਰੀਕੁੰਡ ਵਿੱਚ ਢਿੱਗਾਂ ਡਿੱਗਣ ਕਾਰਨ ਵਾਪਰੇ ਹਾਦਸੇ ’ਚ ਲਾਪਤਾ ਹੋਏ 20 ਵਿਅਕਤੀਆਂ ਦੀ ਭਾਲ ਅੱਜ ਤੀਜੇ ਦਿਨ ਵੀ ਖਰਾਬ ਮੌਸਮ ਵਿੱਚ ਜਾਰੀ ਰਹੀ ਪਰ ਲਾਪਤਾ ਲੋਕਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਰੁਦਰਪ੍ਰਯਾਗ ਵਿੱਚ ਪੈਂਦੇ ਗੌਰੀਕੁੰਡ ’ਚ ਢਿੱਗਾਂ ਡਿੱਗਣ ਦੀ ਘਟਨਾ ਤੋਂ ਬਾਅਦ ਕੁੱਲ 23 ਵਿਅਕਤੀ ਲਾਪਤਾ ਹੋ ਗਏ ਸਨ। ਸ਼ੁੱਕਰਵਾਰ ਨੂੰ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਲਬੇ ’ਚੋਂ ਲੱਭ ਗਈਆਂ ਸਨ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਕਿਹਾ, ‘‘ਐੱਨਡੀਆਰਐੱਫ, ਐੱਸਡੀਆਰਐੱਫ, ਪੁਲੀਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਅਜੇ ਤੱਕ ਲਾਪਤਾ ਲੋਕਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।’’ -ਪੀਟੀਆਈ

Advertisement
×