COVID-19 Death: ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਮਰੀਜ਼ ਦੀ ਮੌਤ, ਇੱਕ ਹੋਰ ਜ਼ੇਰੇ-ਇਲਾਜ
ਠਾਣੇ, 24 ਮਈ
ਮਹਾਰਾਸ਼ਟਰ ਦੇ ਠਾਣੇ ਨਗਰ ਨਿਗਮ (ਟੀਐਮਸੀ) ਨੇ ਕਿਹਾ ਹੈ ਕਿ ਸ਼ਨਿੱਚਰਵਾਰ ਨੂੰ ਸ਼ਹਿਰ ਵਿੱਚ ਕੋਵਿਡ ਵਾਇਰਲ ਇਨਫੈਕਸ਼ਨ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਇੱਕ ਕੋਵਿਡ-19 ਮਰੀਜ਼ ਦੀ ਮੌਤ ਹੋ ਗਈ।
ਸ਼ਹਿਰ ਵਿੱਚ ਕੁੱਲ 18 ਸਰਗਰਮ ਕੋਵਿਡ-19 ਮਰੀਜ਼ ਹਨ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ, ਜਦੋਂ ਕਿ ਬਾਕੀ ਨੂੰ ਘਰ ਵਿੱਚ ਹੀ ਇਕੱਲਤਾ (home isolation) ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਦੱਸੀ ਗਈ ਹੈ।
ਨਿਗਮ ਦੀ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਕਲਵਾ ਵਿਖੇ ਟੀਐਮਸੀ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ ਵਿੱਚ ਸਵੇਰੇ "ਕੋਮੋਰਬਿਡੀਟੀਜ਼" (comorbidities - ਇਕੋ ਵੇਲੇ ਦੋ ਜਾਂ ਵੱਧ ਬਿਮਾਰੀਆਂ ਦੀ ਗੰਭੀਰਤਾ) ਕਾਰਨ ਗੰਭੀਰ ਸ਼ੂਗਰ ਤੋਂ ਪੀੜਤ 21 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਹਸਪਤਾਲ ਦੇ ਸੁਪਰਡੈਂਟ ਡਾ. ਅਨਿਰੁੱਧ ਮਾਲਗਾਓਂਕਰ ਨੇ ਕਿਹਾ ਕਿ ਉਸਨੂੰ ਵੀਰਵਾਰ ਨੂੰ ਸ਼ੂਗਰ ਨਾਲ ਸਬੰਧਤ ਗੰਭੀਰ ਉਲਝਣਾਂ ਕਾਰਨ ਦਾਖਲ ਕਰਵਾਇਆ ਗਿਆ ਸੀ ਅਤੇ ਸ਼ੁੱਕਰਵਾਰ ਰਾਤ ਨੂੰ ਉਸਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ 19 ਬਿਸਤਰਿਆਂ ਵਾਲਾ ਵਾਰਡ ਬਣਾਇਆ ਗਿਆ ਹੈ ਅਤੇ ਇਹ ਆਰਟੀ-ਪੀਸੀਆਰ ਟੈਸਟਿੰਗ ਸਹੂਲਤਾਂ ਨਾਲ ਲੈਸ ਹੈ। -ਪੀਟੀਆਈ