ਅਦਾਲਤ ਵੱਲੋਂ ਵਿਕਾਸ ਯਾਦਵ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਰੱਦ
ਦਿੱਲੀ ਦੀ ਅਦਾਲਤ ਨੇ ਕਾਰੋਬਾਰੀ ਨਾਲ ਜੁੜੇ ਕਥਿਤ ਅਗਵਾ ਅਤੇ ਵਸੂਲੀ ਮਾਮਲੇ ਵਿੱਚ ਸਾਬਕਾ ਸਰਕਾਰੀ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਰੱਦ ਕਰ ਦਿੱਤਾ ਹੈ। ਅਦਾਲਤੀ ਸੂਤਰਾਂ ਨੇ ਦੱਸਿਆ ਕਿ ਵਕੀਲਾਂ ਦੀ ਹੜਤਾਲ ਕਾਰਨ ਉਹ ਪੇਸ਼ ਨਹੀਂ ਹੋ ਸਕਿਆ।
ਅਮਰੀਕਾ ਦੇ ਅਧਿਕਾਰੀਆਂ ਨੇ ਅਮਰੀਕੀ ਧਰਤੀ ’ਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਭੂਮਿਕਾ ਨੂੰ ਲੈ ਕੇ ਯਾਦਵ ’ਤੇ ਵੀ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ 25 ਅਗਸਤ ਨੂੰ ਵਧੀਕ ਸੈਸ਼ਨ ਜੱਜ ਸੌਰਭ ਪ੍ਰਤਾਪ ਸਿੰਘ ਲਾਲਰ ਨੇ ਯਾਦਵ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟੀ ਜਾਰੀ ਕਰਦੇ ਹੋਏ ਕਿਹਾ ਸੀ ਕਿ ਉਹ ਵਾਰ-ਵਾਰ ਸੱਦਣ ਦੇ ਬਾਵਜੂਦ ਗੈਰ-ਹਾਜ਼ਰ ਰਿਹਾ। ਜੱਜ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ ਐੱਨ ਐੱਸ ਐੱਸ) ਦੀ ਧਾਰਾ 491 (ਜ਼ਮਾਨਤ ਜ਼ਬਤ ਹੋਣ ਦੀ ਪ੍ਰਕਿਰਿਆ) ਤਹਿਤ ਉਸ ਦੇ ਜ਼ਮਾਨਤੀ ਨੂੰ ਨੋਟਿਸ ਵੀ ਜਾਰੀ ਕੀਤਾ। ਅਦਾਲਤ ਦੇ ਸੂਤਰਾਂ ਨੇ ਦੱਸਿਆ ਕਿ ਯਾਦਵ ਦੇ ਵਕੀਲ ਨੇ ਇਕ ਅਰਜ਼ੀ ਦਾਇਰ ਕਰ ਕੇ ਕਿਹਾ ਸੀ ਕਿ ਹੜਤਾਲ ਕਾਰਨ ਉਹ ਸੁਣਵਾਈ ਵਿੱਚ ਸ਼ਾਮਲ ਨਹੀਂ ਹੋ ਸਕੇਗਾ। ਇਸ ’ਤੇ ਜੱਜ ਲਾਲਰ ਨੇ ਬੁੱਧਵਾਰ ਨੂੰ ਗੈਰ-ਜ਼ਮਾਨਤੀ ਵਾਰੰਟ ਰੱਦ ਕਰ ਦਿੱਤੇ ਅਤੇ ਉਸ ਦੀ ਜ਼ਮਾਨਤ ਲਈ ਦਿੱਤੀ ਗਈ ਜ਼ਮਾਨਤ ਰਾਸ਼ੀ ਨੂੰ ਵੀ ਬਹਾਲ ਕਰ ਦਿੱਤਾ। -ਪੀਟੀਆਈ