ਪਰਿਸ਼ਦ-ਸਮਿਤੀ ਚੋਣਾਂ: ਬਲਾਕ ਦਫ਼ਤਰਾਂ ’ਚੋਂ ਅਫਸਰ ‘ਗ਼ਾਇਬ’
ਵਿਰੋਧੀ ਉਮੀਦਵਾਰ ਭੜਕੇ; ਚੋਣ ਕਮਿਸ਼ਨ ਵੱਲੋਂ ਡੇਰਾਬੱਸੀ ਦੇ ਬੀ ਡੀ ਪੀ ਓ ਖ਼ਿਲਾਫ਼ ਕਾਰਵਾਈ
ਪੰਜਾਬ ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਰਫ਼ਤਾਰ ਫੜ ਗਈ ਹੈ ਪਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਬਹੁਤੇ ਉੱਚ ਅਫਸਰ ਦਫ਼ਤਰਾਂ ’ਚੋਂ ਗ਼ਾਇਬ ਹੋ ਗਏ ਹਨ। ਅਫਸਰਾਂ ਦੀ ਗ਼ੈਰ-ਹਾਜ਼ਰੀ ਤੋਂ ਵਿਰੋਧੀ ਧਿਰਾਂ ਖ਼ਫ਼ਾ ਹਨ ਜਿਨ੍ਹਾਂ ਰਾਜ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਭੇਜੀਆਂ ਹਨ। ਉਮੀਦਵਾਰ ‘ਕੋਈ ਬਕਾਇਆ ਨਹੀਂ’ ਸਰਟੀਫਿਕੇਟ ਲੈਣ ਲਈ ਦਫ਼ਤਰਾਂ ਦੇ ਗੇੜੇ ਕੱਢ ਰਹੇ ਹਨ। ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਦਾਖਲ ਕੀਤੇ ਜਾ ਸਕਣਗੇ।
ਰਾਜ ਚੋਣ ਕਮਿਸ਼ਨ ਨੇ ਡੇਰਾਬੱਸੀ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਲਜੀਤ ਸਿੰਘ ਸੋਹੀ ਨੂੰ ਅੱਜ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਕੀਤੇ ਹਨ ਜਿਸ ਖ਼ਿਲਾਫ਼ ਸ਼ਿਕਾਇਤ ਸੀ ਕਿ ਉਹ ਲੰਘੇ ਕੱਲ੍ਹ ਆਪਣੇ ਦਫ਼ਤਰ ’ਚੋਂ ਹੀ ਗ਼ੈਰ-ਹਾਜ਼ਰ ਰਿਹਾ। ਰਾਜ ਚੋਣ ਕਮਿਸ਼ਨ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਵੀ ਜਾਰੀ ਕੀਤਾ ਹੈ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੀ ਦਫ਼ਤਰਾਂ ’ਚੋਂ ਗ਼ੈਰ-ਹਾਜ਼ਰੀ ਬਾਰੇ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ (ਐੱਨ ਓ ਸੀ) ਜਾਰੀ ਕਰਨੇ ਹਨ। ਰਾਜ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਡਿਊਟੀ ’ਚ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਫ਼ੌਰੀ ਐਕਸ਼ਨ ਲਿਆ ਜਾਵੇ।
ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਕਿ ਬਲਾਕ ਨਡਾਲਾ ਦੇ ਸਹਾਇਕ ਰਿਟਰਨਿੰਗ ਅਫਸਰ ਰਣਦੀਪ ਸਿੰਘ ਵੜੈਚ ਜੋ ਨਗਰ ਪੰਚਾਇਤ ਭੁਲੱਥ ਦੇ ਕਾਰਜਸਾਧਕ ਅਫਸਰ ਹਨ, ਨੂੰ ਏ ਆਰ ਓ ਦੀ ਡਿਊਟੀ ਤੋਂ ਹਟਾ ਕੇ ਹਲਕੇ ’ਚੋਂ ਬਾਹਰ ਭੇਜਿਆ ਜਾਵੇ। ਸ੍ਰੀ ਖਹਿਰਾ ਨੇ ਸਬੂਤ ਭੇਜ ਕੇ ਕਿਹਾ ਹੈ ਕਿ ਇਸ ਅਧਿਕਾਰੀ ਖ਼ਿਲਾਫ਼ ਲੁਧਿਆਣਾ ਪੱਛਮੀ ਦੀ ਚੋਣ ਸਮੇਂ ਕਾਰਵਾਈ ਹੋਈ ਸੀ ਅਤੇ ਇਸ ਅਧਿਕਾਰੀ ਦੀ ਸ਼ੱਕੀ ਭੂਮਿਕਾ ਨੂੰ ਦੇਖਦੇ ਹੋਏ ਭੁਲੱਥ ਹਲਕੇ ’ਚ ਤਾਇਨਾਤ ਨਾ ਕੀਤਾ ਜਾਵੇ।
ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਅਟਾਰੀ ’ਚੋਂ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਬਾਰੇ ਮਾਮਲਾ ਉੱਚ ਅਫਸਰਾਂ ਦੇ ਧਿਆਨ ’ਚ ਲਿਆਂਦਾ ਹੈ ਅਤੇ ਇਸੇ ਤਰ੍ਹਾਂ ਵੇਰਕਾ ਬਲਾਕ ’ਚੋਂ ਮੁਲਾਜ਼ਮਾਂ ਦੀ ਗ਼ੈਰ-ਹਾਜ਼ਰੀ ਦੀ ਸ਼ਿਕਾਇਤ ਵੀ ਸਾਹਮਣੇ ਆਈ ਹੈ। ਅੱਜ ਨਾਭਾ ਬਲਾਕ ’ਚ ਵੀ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ ਨਾ ਦਿੱਤੇ ਜਾਣ ’ਤੇ ਕਾਫ਼ੀ ਰੌਲਾ ਪਿਆ ਹੈ।
ਲੁਧਿਆਣਾ-2 ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਅੱਗੇ ਕਾਂਗਰਸੀ ਆਗੂਆਂ ਨੇ ਰੋਸ ਜ਼ਾਹਿਰ ਕੀਤਾ ਅਤੇ ਦਫ਼ਤਰ ਦੀ ਵੀਡੀਓਗਰਾਫ਼ੀ ਵੀ ਕੀਤੀ ਜਿਸ ’ਚ ਅਫਸਰਾਂ ਦੀ ਗ਼ੈਰ-ਹਾਜ਼ਰੀ ਨੂੰ ਦਿਖਾਇਆ ਗਿਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਚਾਇਤ ਮਹਿਕਮੇ ਦੇ ਅਫਸਰ ਤੇ ਮੁਲਾਜ਼ਮ ‘ਆਪ’ ਵਿਧਾਇਕਾਂ ਦੇ ਵਰਕਰ ਬਣ ਕੇ ਕੰਮ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਰਨਾਲਾ ਦੇ ਪਿੰਡ ਢਿਲਵਾਂ ਪਹੁੰਚ ਕੇ ਜ਼ਿਲ੍ਹਾ ਪਰਿਸ਼ਦ ਚੋਣ ਲਈ ਕਿਰਨਾ ਕੌਰ ਨੂੰ ਉਮੀਦਵਾਰ ਐਲਾਨਿਆ ਅਤੇ ਇਸ ਮੌਕੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਵੀ ਮੌਜੂਦ ਰਹੇ। ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਅੱਜ ਚੋਣ ਕਮੇਟੀ ਦੀ ਮੀਟਿੰਗ ਕੀਤੀ। ਸ੍ਰੀ ਸ਼ਰਮਾ ਦਾ ਕਹਿਣਾ ਸੀ ਕਿ ਨਿਗਮ ਚੋਣਾਂ ਵਾਂਗ ਹੀ ਸਰਕਾਰ ਇਨ੍ਹਾਂ ਚੋਣਾਂ ’ਚ ਵੀ ਧੱਕੇਸ਼ਾਹੀ ਕਰੇਗੀ।
ਹਲਫ਼ੀਆ ਬਿਆਨ ਵੀ ਪ੍ਰਵਾਨ ਹੋਵੇਗਾ: ਚੋਣ ਕਮਿਸ਼ਨ
ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਐੱਨ ਓ ਸੀ ਨਾ ਲੈ ਸਕਣ ਵਾਲੇ ਉਮੀਦਵਾਰ ਨਾਮਜ਼ਦਗੀ ਪੱਤਰਾਂ ਨਾਲ ਹਲਫ਼ੀਆ ਬਿਆਨ ਵੀ ਦੇ ਸਕਦੇ ਹਨ ਜੋ ਕਾਨੂੰਨੀ ਤੌਰ ’ਤੇ ਪ੍ਰਵਾਨਿਤ ਹੋਵੇਗਾ। ਰਿਟਰਨਿੰਗ ਅਫ਼ਸਰ 24 ਘੰਟਿਆਂ ਅੰਦਰ ਹਲਫ਼ੀਆ ਬਿਆਨ ਦੀ ਪੜਤਾਲ ਕਰਾਏਗਾ। ਜੇ ਤੈਅ ਸਮੇਂ ਅੰਦਰ ਸਬੰਧਤ ਮਹਿਕਮਾ ਰਿਪੋਰਟ ਨਹੀਂ ਭੇਜਦਾ ਤਾਂ ਹਲਫ਼ੀਆ ਬਿਆਨ ਪ੍ਰਵਾਨ ਕਰ ਲਿਆ ਜਾਵੇਗਾ।
ਕੁੱਲ 141 ਨਾਮਜ਼ਦਗੀ ਪੱਤਰ ਦਾਖਲ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਦੋ ਦਿਨਾਂ ਅੰਦਰ ਕੁੱਲ 141 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਕਾਗ਼ਜ਼ ਦਾਖਲ ਕਰਨ ਦੀ ਪ੍ਰਕਿਰਿਆ 1 ਦਸੰਬਰ ਨੂੰ ਸ਼ੁਰੂ ਹੋਈ ਸੀ ਅਤੇ ਪਹਿਲੇ ਦਿਨ ਛੇ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ ਅਤੇ ਅੱਜ ਕੁੱਲ 135 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਹੁਣ ਤੱਕ ਜ਼ਿਲ੍ਹਾ ਪਰਿਸ਼ਦ ਲਈ ਕੁੱਲ 26 ਅਤੇ ਪੰਚਾਇਤ ਸਮਿਤੀ ਲਈ ਕੁੱਲ 115 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।

