ਸ਼ਹਿਰ ’ਚੋਂ ਲੰਘਦੇ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚਲਾਈ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਲਗਾਤਾਰ ਡੇਅਰੀ ਮਾਲਕਾਂ ਖ਼ਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਨਿਗਮ ਵੱਲੋਂ ਲੁਧਿਆਣਾ ਵਿੱਚ ਤਾਜਪੁਰ ਰੋਡ ’ਤੇ ਹੈਬੋਵਾਲ ਡੇਅਰੀ ਕੰਪਲੈਕਸ ਦੇ ਡੇਅਰੀ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਦਰਜਨਾਂ ਡੇਅਰੀ ਵਾਲਿਆਂ ਖ਼ਿਲਾਫ਼ ਚਲਾਨ ਕੱਟਣ ਤੋਂ ਇਲਾਵਾ ਕੇਸ ਦਰਜ ਕੀਤੇ ਗਏ ਹਨ। ਡੇਅਰੀ ਮਾਲਕ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਮੰਨੇ ਜਾਂਦੇ ਰੰਗਾਈ ਯੂਨਿਟਾਂ ਖ਼ਿਲਾਫ਼ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਧਾਰੀ ਚੁੱਪ ’ਤੇ ਸਵਾਲ ਚੁੱਕ ਰਹੇ ਹਨ। ਹੁਣ ਤੱਕ ਰੰਗਾਈ ਯੂਨਿਟ ਦੇ ਕਿਸੇ ਮਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਨਗਰ ਨਿਗਮ ਨੇ ਅੱਜ ਤਿੰਨ ਥਾਣਿਆਂ ਵਿੱਚ ਕਈ ਡੇਅਰੀਆਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਵਾਏ ਹਨ। ਨਾਲ ਹੀ ਤਾਜਪੁਰ ਰੋਡ ’ਤੇ ਡੇਅਰੀ ਮਾਲਕਾਂ ਦੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੇ ਚਲਾਨ ਵੀ ਕੀਤੇ ਗਏ ਹਨ। ਉਧਰ, ਲਗਾਤਾਰ ਦਰਜ ਹੋ ਰਹੇ ਕੇਸਾਂ ਕਾਰਨ ਡੇਅਰੀ ਮਾਲਕਾਂ ਨੇ ਸਰਕਾਰ ਪ੍ਰਤੀ ਰੋਸ ਜ਼ਾਹਿਰ ਕੀਤਾ ਹੈ। ਡੇਅਰੀ ਮਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਬਿਨਾਂ ਗੱਲ ਤੋਂ ਹੀ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ।ਨਿਗਮ ਵੱਲੋਂ ਪਹਿਲਾਂ ਪੰਜ ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ ਤੇ ਹੁਣ ਮੁੜ ਕੇਸ ਦਰਜ ਕੀਤਾ ਗਿਆ ਹੈ। ਡੇਅਰੀ ਮਾਲਕਾਂ ਨੇ ਕਿਹਾ ਕਿ ਜੇ ਨਿਗਮ ਡੇਅਰੀ ਵਾਲਿਆਂ ਲਈ ਗੋਹਾ ਸੁੱਟਣ ਸਬੰਧੀ ਕੋਈ ਪ੍ਰਬੰਧ ਕਰੇ ਤਾਂ ਉਹ ਗੋਹਾ ਕਿਉਂ ਸੁੱਟਣ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਨਿਗਮ ਨੇ ਇੱਕ ਠੇਕੇਦਾਰ ਨੂੰ ਗੋਹਾ ਚੁੱਕਣ ਲਈ ਲਾਇਆ ਸੀ, ਪਰ ਉਹ ਪੈਸੇ ਲੈਣ ਮਗਰੋਂ ਵਾਪਸ ਹੀ ਨਹੀਂ ਆਇਆ। ਡੇਅਰੀ ਮਾਲਕਾਂ ਨੇ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਨਾ ਕੀਤੇ ਜਾਣ ਦਾ ਦਾਅਵਾ ਕਰਦਿਆਂ ਦੋਸ਼ ਲਾਇਆ ਕਿ ਰੰਗਾਈ ਵਾਲਿਆਂ ਵੱਲੋਂ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਤਾਜਪੁਰ ਰੋਡ ਡੇਅਰੀ ਐਸੋਸੇਈਸ਼ੇਨ ਦੇ ਪ੍ਰਧਾਨ ਸਤਵਿੰਦਰ ਪਾਲ ਸਿੰਘ ਲਵਲੀ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਚੱਲਦੀ ਹੋਣ ਦੇ ਬਾਵਜੂਦ ਕੇਸ ਦਰਜ ਕੀਤੇ ਜਾ ਰਹੇ ਹਨ। ਨਗਰ ਨਿਗਮ ਦੀ ਸ਼ਿਕਾਇਤ ’ਤੇ ਪੁਲੀਸ ਨੇ ਥਾਣਾ ਟਿੱਬਾ ਵਿੱਚ 18 ਤੋਂ ਵੱਧ ਡੇਅਰੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਹੋ ਰਹੀ ਹੈ ਕਾਰਵਾਈ: ਖਹਿਰਾ
ਲੁਧਿਆਣਾ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲੇ ਹਰ ਵਿਅਕਤੀ ਖ਼ਿਲਾਫ਼ ਕਾਰਵਾਈ ਹੋ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਡੇਅਰੀ ਮਾਲਕਾਂ ’ਤੇ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਹ ਦਰਿਆ ਵਿੱਚ ਗੋਹਾ ਸੁੱਟ ਰਹੇ ਹਨ; ਰੰਗਾਈ ਯੂਨਿਟਾਂ ਖ਼ਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

