ਨਵੀਂ ਦਿੱਲੀ, 31 ਜਨਵਰੀ
ਕਾਂਗਰਸ ਦੀ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ਕੀਤੀ ਕਥਿਤ ਟਿੱਪਣੀ ਕਿ ਉਹ (ਮੁਰਮੂ) ਆਪਣੇ ਸੰਬੋਧਨ ਦੇ ਅਖੀਰ ਤੱਕ ਥੱਕ ਗਈ ਸੀ ਅਤੇ ਬਹੁਤ ਮੁਸ਼ਕਿਲ ਨਾਲ ਬੋਲ ਰਹੀ ਸੀ, ਮਗਰੋਂ ਵਿਵਾਦ ਭਖ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਆਗੂਆਂ ਨੇ ਇਸ ਟਿੱਪਣੀ ਦੀ ਆਲੋਚਨਾ ਕਰਦਿਆਂ ਕਾਂਗਰਸ ਨੂੰ ਮੁਆਫੀ ਮੰਗਣ ਲਈ ਕਿਹਾ ਹੈ।
ਸੋਨੀਆ ਗਾਂਧੀ ਨੇ ਸੰਸਦੀ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅੰਤ ਤੱਕ ਰਾਸ਼ਟਰਪਤੀ ਬਹੁਤ ਥੱਕ ਗਈ ਸੀ। ਉਹ ਮੁਸ਼ਕਿਲ ਨਾਲ ਬੋਲ ਪਾ ਰਹੀ ਸੀ, ਵਿਚਾਰੀ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਵਾਰਕਾ ’ਚ ਰੈਲੀ ਦੌਰਾਨ ਕਾਂਗਰਸ ਆਗੂ ਦੀ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਕਬਾਇਲੀ ਭਾਈਚਾਰੇ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਬਿਹਤਰੀਨ ਭਾਸ਼ਣ ਦਿੱਤਾ ਪਰ ਕਾਂਗਰਸ ਦਾ ਸ਼ਾਹੀ ਪਰਿਵਾਰ ਉਨ੍ਹਾਂ ਦੇ ਅਪਮਾਨ ’ਤੇ ਉਤਰ ਆਇਆ ਹੈ। ਮੋਦੀ ਨੇ ਕਿਹਾ ਕਿ ‘ਸ਼ਾਹੀ ਪਰਿਵਾਰ’ ਦੇ ਇੱਕ ਮੈਂਬਰ ਨੇ ਕਿਹਾ ਕਿ ਕਬਾਇਲੀ ਧੀ ਨੇ ‘ਬੋਰਿੰਗ ਭਾਸ਼ਣ’ ਦਿੱਤਾ ਅਤੇ ਦੂਜੀ ਮੈਂਬਰ ਨੇ ਤਾਂ ਇਸ ਤੋਂ ਵੀ ਅੱਗੇ ਜਾ ਕੇ ਰਾਸ਼ਟਰਪਤੀ ਮੁਰਮੂ ਨੂੰ ‘ਵਿਚਾਰੀ, ਗਰੀਬ, ਚੀਜ਼ ਤੇ ਥਕੀ ਹੋਈ’ ਕਿਹਾ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਐਕਸ ’ਤੇ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਰਾਸ਼ਟਰਪਤੀ ਲਈ ‘ਮਾੜੀ ਗੱਲ’ ਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਬਹੁਤ ਹੀ ਅਪਮਾਨ ਵਾਲੀ ਗੱਲ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੋਨੀਆ ਗਾਂਧੀ ਦੀ ਟਿੱਪਣੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਜਪਾ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਮੁਰਮੂ ਨੂੰ ਕਮਜ਼ੋਰ ਸਾਬਤ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕਰੇਗੀ। ਇਸੇ ਦੌਰਾਨ ਰਾਸ਼ਟਰਪਤੀ ਭਵਨ ਨੇ ਕਾਂਗਰਸ ਆਗੂਆਂ ਦੀਆਂ ਟਿੱਪਣੀਆਂ ਨਾ-ਸਵੀਕਾਰ ਕਰਨ ਯੋਗ ਦਸਦਿਆਂ ਕਿਹਾ ਕਿ ਇਸ ਨਾਲ ਰਾਸ਼ਟਰਪਤੀ ਦੇ ਅਹੁਦੇ ਦੇ ਮਾਣ-ਸਨਮਾਨ ਨੂੰ ਠੇਸ ਪੁੱਜੀ ਹੈ। -ਪੀਟੀਆਈ
ਮੇਰੀ ਮਾਂ ਦੇ ਦਿਲ ’ਚ ਰਾਸ਼ਟਰਪਤੀ ਲਈ ਪੂਰਾ ਸਤਿਕਾਰ: ਪ੍ਰਿਯੰਕਾ
ਨਵੀਂ ਦਿੱਲੀ: ਸੰਸਦ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਟਿੱਪਣੀ ਦੀ ਭਾਜਪਾ ਵੱਲੋਂ ਆਲੋਚਨਾ ’ਤੇ ਕਾਂਗਰਸ ਦੀ ਜਨਰਲ ਸਕੱਤਰ ਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਰਾਸ਼ਟਰਪਤੀ ਮੁਰਮੂ ਲਈ ਵੱਡਾ ਸਤਿਕਾਰ ਰੱਖਦੇ ਹਨ ਤੇ ਮੀਡੀਆ ਵੱਲੋਂ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਬਹੁਤ ਮੰਦਭਾਗਾ ਹੈ। ਇਸ ਮੁੱਦੇ ’ਤੇ ਮੁਆਫ਼ੀ ਸਬੰਧੀ ਮੰਗ ਲਈ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਿਯੰਕਾ ਨੇ ਕਿਹਾ ਕਿ ਪਾਰਟੀ ਪਹਿਲਾਂ ‘ਦੇਸ਼ ਨੂੰ ਬਰਬਾਦ’ ਕਰਨ ਲਈ ਮੁਆਫ਼ੀ ਮੰਗੇ। ਪ੍ਰਿਯੰਕਾ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੇਰੀ ਮਾਂ 78 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ‘ਰਾਸ਼ਟਰਪਤੀ ਇੰਨਾ ਲੰਮਾ ਭਾਸ਼ਣ ਪੜ੍ਹ ਕੇ ਥੱਕ ਗਏ ਹੋਣਗੇ।’ ਉਹ ਪੂਰਾ ਸਤਿਕਾਰ ਕਰਦੇ ਹਨ, ਅਸਲ ’ਚ ਉਹ ਰਾਸ਼ਟਰਪਤੀ ਲਈ ਵੱਡਾ ਸਤਿਕਾਰ ਰੱਖਦੇ ਹਨ। ਮੀਡੀਆ ਵੱਲੋਂ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਣਾ ਮੰਦਭਾਗਾ ਹੈ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਦਾ ਸੱਦਾ ਨਾ ਦੇ ਕੇ ਮੋਦੀ ਸਰਕਾਰ ਨੇ ਰਾਸ਼ਟਰਪਤੀ ਮੁਰਮੂ ਦਾ ਅਪਮਾਨ ਕੀਤਾ ਸੀ।
ਖੜਗੇ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਰਾਸ਼ਟਰਪਤੀ ਦਫ਼ਤਰ ਦੀ ਮਰਿਆਦਾ ਦਾ ਸਨਮਾਨ ਕੀਤਾ ਹੈ ਅਤੇ ਭਾਜਪਾ ਆਗੂ ਤੇ ਮੀਡੀਆ ਦਾ ਇੱਕ ਹਿੱਸਾ ਸੋਨੀਆ ਗਾਂਧੀ ਦੀ ਟਿੱਪਣੀ ਨੂੰ ਤੋੜ ਮਰੋੜ ਕੇ ਦੇਸ਼ ਦੀ ਮਾੜੀ ਵਿੱਤੀ ਹਾਲਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਮੌਜੂਦਾ ਰਾਸ਼ਟਰਪਤੀ ਮੁਰਮੂ ਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੰਸਦ ਤੇ ਅਯੁੱਧਿਆ ’ਚ ਰਾਮ ਮੰਦਰ ਦੋਵਾਂ ਤੋਂ ਦੂਰ ਰੱਖਿਆ। -ਪੀਟੀਆਈ