ਕੀਮਤਾਂ ਵਿੱਚ ਭਾਰੀ ਵਾਧੇ ਦੇ ਬਾਵਜੂਦ ਸੋਨੇ ਤੇ ਚਾਂਦੀ ਦੀ ਜ਼ਬਰਦਸਤ ਖ਼ਰੀਦਦਾਰੀ ਕਾਰਨ ਇਸ ਸਾਲ ਧਨਤੇਰਸ ਮੌਕੇ ਭਾਰਤੀ ਖ਼ਪਤਕਾਰਾਂ ਨੇ ਅਨੁਮਾਨਿਤ ਇਕ ਲੱਖ ਕਰੋੜ ਰੁਪਏ ਖ਼ਰਚ ਕੀਤੇ ਹਨ। ਪ੍ਰਮੁੱਖ ਵਪਾਰੀ ਸੰਸਥਾ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਅੱਜ ਇਹ ਜਾਣਕਾਰੀ ਦਿੱਤੀ। ਇਕੱਲੇ ਸੋਨੇ ਤੇ ਚਾਂਦੀ ਦੀ ਵਿਕਰੀ ਕੁੱਲ ਵਿਕਰੀ ਦਾ 60,000 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦ ਦਾ ਵਾਧਾ ਦਰਸਾਉਂਦੀ ਹੈ। ਸੋਨੇ ਦੀਆਂ ਕੀਮਤਾਂ ਸਾਲਾਨਾ ਆਧਾਰ ’ਤੇ 60 ਫੀਸਦ ਵਧ ਕੇ 1,30,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਚੁੱਕੀਆਂ ਹਨ। ਇਸ ਦੇ ਬਾਵਜੂਦ ਖ਼ਰੀਦਦਾਰਾਂ ਦੀ ਸਰਾਫਾ ਬਾਜ਼ਾਰਾਂ ਵਿੱਚ ਭੀੜ ਲੱਗੀ ਰਹੀ।ਆਲ ਇੰਡੀਆ ਜਿਊਲਰਜ਼ ਐਂਡ ਗੋਲਡਸਮਿੱਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ, ‘‘ਪਿਛਲੇ ਦੋ ਦਿਨਾਂ ਵਿੱਚ ਗਹਿਣਿਆਂ ਦੇ ਬਾਜ਼ਾਰਾਂ ਵਿੱਚ ਬੇਮਿਸਾਲ ਭੀੜ ਦੇਖੀ ਗਈ ਹੈ।’’ ਉਨ੍ਹਾਂ ਕਿਹਾ ਕਿ ਦਿੱਲੀ ਦੇ ਸਰਾਫਾ ਬਾਜ਼ਾਰਾਂ ਵਿੱਚ 10,000 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਦਰਜ ਕੀਤੀ ਗਈ। ਵਪਾਰੀਆਂ ਦੇ ਸਮੂਹ ਮੁਤਾਬਿਕ ਸਰਾਫੇ ਤੋਂ ਇਲਾਵਾ, ਧਨਤੇਰਸ ਵਾਲੇ ਦਿਨ ਭਾਂਡਿਆਂ ਅਤੇ ਰਸੋਈ ਉਪਕਰਨਾਂ ਦੀ ਵਿਕਰੀ ਨਾਲ 15,000 ਕਰੋੜ ਰੁਪਏ, ਇਲੈਕਟ੍ਰੌਨਿਕਸ ਤੇ ਬਿਜਲੀ ਦੇ ਸਾਮਾਨ ਨਾਲ 10,000 ਕਰੋੜ ਰੁਪਏ ਅਤੇ ਸਜਾਵਟੀ ਵਸਤਾਂ ਤੇ ਧਾਰਮਿਕ ਸਮੱਗਰੀ ਨਾਲ 3,000 ਕਰੋੜ ਰੁਪਏ ਦੀ ਕਮਾਈ ਹੋਈ ਹੈ।ਜਾਣਕਾਰੀ ਅਨੁਸਾਰ ਧਨਤੇਰਸ ਮੌਕੇ ਕਾਰ ਬਾਜ਼ਾਰ ਦੀ ਮੋਹਰੀ ਕੰਪਨੀ ਮਾਰੂਤੀ ਸੁਜ਼ੁਕੀ ਨੇ ਅੱਜ ਧਨਤੇਰਸ ਮੌਕੇ ਰਿਕਾਰਡ 50,000 ਤੋਂ ਵੱਧ ਗੱਡੀਆਂ ਵੇਚੀਆਂ; ਹੁੰਡਈ ਮੋਟਰ ਇੰਡੀਆ ਨੇ ਕਰੀਬ 14,000 ਗੱਡੀਆਂ ਵੇਚੀਆਂ ਹਨ ਜੋ ਪਿਛਲੇ ਸਾਲ ਨਾਲੋਂ 20 ਫੀਸਦ ਵੱਧ ਹਨ।