DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Constitution Day: ਰਾਸ਼ਟਰਪਤੀ ਮੁਰਮੂ ਨੇ ਯਾਦਗਾਰੀ ਸਿੱਕਾ ਤੇ ਟਿਕਟ ਜਾਰੀ ਕਰਦਿਆਂ ਕਿਹਾ: ‘ਸਾਡਾ ਸੰਵਿਧਾਨ ਇਕ ਜ਼ਿੰਦਾ-ਜਾਗਦਾ ਦਸਤਾਵੇਜ਼’

President Droupadi Murmu released a commemorative coin and stamp on the occasion of 'Samvidhan Diwas'; ਉਪ ਰਾਸ਼ਟਰਪਤੀ ਧਨਖੜ ਨੇ ਡਾ. ਅੰਬੇਡਕਰ ਦੀ ਟਿੱਪਣੀ ਦਾ ਦਿੱਤਾ ਹਵਾਲਾ
  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਸੰਸਦ ਦੇ ਸੰਵਿਧਾਨ ਸਦਨ ਵਿਖੇ ਮੰਗਲਵਾਰ ਨੂੰ ਸੰਵਿਧਾਨ ਦਿਵਸ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇੱਕ ਯਾਦਗਾਰੀ ਸਿੱਕਾ ਜਾਰੀ ਕਰਦੇ ਹੋਏ, ਜਿਨ੍ਹਾਂ ਦੇ ਨਾਲ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਅਰਜੁਨ ਖੜਗੇ ਵੀ ਦਿਖਾਈ ਦੇ ਰਹੇ ਹਨ। ਫੋਟੋ: ਪੀਟੀਆਈ
Advertisement
ਨਵੀਂ ਦਿੱਲੀ, 26 ਨਵੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ  ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਸੰਸਦ ਦੇ ਸੰਵਿਧਾਨ ਸਦਨ ਵਿਖੇ ਮਨਾਏ ਗਏ 'ਸੰਵਿਧਾਨ ਦਿਵਸ' (Constitution Day - 'Samvidhan Diwas') ਸਮਾਰੋਹ ਦੇ ਮੌਕੇ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ। ਸੰਵਿਧਾਨ ਦਿਵਸ 'ਤੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤੀ ਸੰਵਿਧਾਨ ਇਕ ਜ਼ਿੰਦਾ-ਜਾਗਦਾ ਅਤੇ ਪ੍ਰਗਤੀਸ਼ੀਲ ਦਸਤਾਵੇਜ਼ ਹੈ।
ਰਾਸ਼ਟਰਪਤੀ ਨੇ ਕਿਹਾ, "ਸਾਡਾ ਸੰਵਿਧਾਨ ਇੱਕ ਜ਼ਿੰਦਾ-ਜਾਗਦਾ ਅਤੇ ਪ੍ਰਗਤੀਸ਼ੀਲ ਦਸਤਾਵੇਜ਼ ਹੈ।  ਆਪਣੇ ਇਸ ਸੰਵਿਧਾਨ ਰਾਹੀਂ ਅਸੀਂ ਸਮਾਜਿਕ ਨਿਆਂ ਅਤੇ ਸਰਬ-ਸਾਂਝੇ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ।’’ ਰਾਸ਼ਟਰਪਤੀ ਮੁਰਮੂ ਨੇ ਇਸ ਮੌਕੇ ਭਾਰਤੀ ਸੰਵਿਧਾਨ ਨਾਲ ਸਬੰਧਤ ਦੋ ਕਿਤਾਬਾਂ ਵੀ ਰਿਲੀਜ਼ ਕੀਤੀਆਂ।
ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਹੋਰ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਸੰਵਿਧਾਨ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੰਸਦ ਦੇ ਸੰਵਿਧਾਨ ਸਦਨ ਵੱਲ ਵਧਦੇ ਹੋਏ। -ਫੋਟੋ: ਪੀਟੀਆਈ

ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਹੋਰ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਸੰਵਿਧਾਨ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੰਸਦ ਦੇ ਸੰਵਿਧਾਨ ਸਦਨ ਵੱਲ ਵਧਦੇ ਹੋਏ। -ਫੋਟੋ: ਪੀਟੀਆਈ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਇਸ ਮੌਕੇ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਦਕਰ ਦੀ ਇਕ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਪਾਰਟੀਆਂ ਵੱਲੋਂ ਦੇਸ਼ ਤੇ ਸੰਵਿਧਾਨ ਨਾਲੋਂ ਆਪਣੇ ਧਰਮ ਤੇ ਜਾਤ-ਭਾਈਚਾਰਿਆਂ ਨੂੰ ਵੱਧ ਤਰਜੀਹ ਦਿੱਤੀ ਜਾਵੇਗੀ ਤਾਂ "ਸਾਡੀ ਆਜ਼ਾਦੀ ਦੂਜੀ ਵਾਰ ਖ਼ਤਰੇ ਵਿਚ ਪੈ ਜਾਵੇਗੀ" ਸਮਾਗਮ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਇਹ ਵੀ ਖ਼ਬਰਦਾਰ ਕੀਤਾ ਕਿ ਸੰਸਦ ਵਿਚ ਇੱਕ ਰਣਨੀਤੀ ਵਜੋਂ ਹੰਗਾਮਾ ਕੀਤਾ ਜਾਣਾ ਵੀ ਸਾਡੀਆਂ ਜਮਹੂਰੀ ਸੰਸਥਾਵਾਂ ਲਈ ਖ਼ਤਰਨਾਕ ਹੈ। ਧਨਖੜ ਨੇ ਕਿਹਾ, "ਸਾਡੇ ਲੋਕਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰਨ ਲਈ ਉਸਾਰੂ ਗੱਲਬਾਤ, ਬਹਿਸ ਅਤੇ ਸਾਰਥਕ ਚਰਚਾ ਰਾਹੀਂ ਸਾਡੇ ਲੋਕਤੰਤਰੀ ਮੰਦਰਾਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਦਾ ਸਮਾਂ ਆ ਗਿਆ ਹੈ।"

Advertisement

ਉਨ੍ਹਾਂ ਕਿਹਾ, "ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਬੁਨਿਆਦੀ ਫਰਜ਼ਾਂ  - ਰਾਸ਼ਟਰੀ ਪ੍ਰਭੂਸੱਤਾ ਦੀ ਰਾਖੀ ਕਰਨਾ, ਏਕਤਾ ਨੂੰ ਵਧਾਉਣਾ, ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦੇਣਾ ਅਤੇ ਆਪਣੇ ਵਾਤਾਵਰਣ ਦੀ ਹਿਫ਼ਾਜ਼ਤ ਕਰਨਾ - ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੋਈਏ।... ਸਾਨੂੰ ਹਮੇਸ਼ਾ ਆਪਣੇ ਰਾਸ਼ਟਰ ਨੂੰ ਪਹਿਲ ਦੇਣੀ ਚਾਹੀਦੀ ਹੈ। ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚੌਕਸ ਰਹਿਣ ਦੀ ਜ਼ਰੂਰਤ ਹੈ।’’

ਇਸ ਮੌਕੇ ਉਨ੍ਹਾਂ ਸੰਵਿਧਾਨ ਸਭਾ ਵਿੱਚ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੇ 25 ਨਵੰਬਰ, 1949 ਨੂੰ ਆਖਰੀ ਸੰਬੋਧਨ ਨੂੰ ਖ਼ਾਸ ਤੌਰ ’ਤੇ ਚੇਤੇ ਕੀਤਾ, ਜਦੋਂ ਬਾਬਾ ਸਾਹਿਬ ਨੇ ਕਿਹਾ ਸੀ, "ਜਿਸ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ ਹੈ, ਉਹ ਇਹ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ ਇੱਕ ਵਾਰ ਆਪਣੀ ਆਜ਼ਾਦੀ ਹੀ ਨਹੀਂ ਗੁਆ ਲਈ ਸੀ, ਬਲਕਿ ਉਸ ਨਾਲ ਅਜਿਹਾ ਆਪਣੇ ਹੀ ਕੁਝ ਲੋਕਾਂ ਦੀ ਬੇਵਫ਼ਾਈ ਅਤੇ ਧੋਖੇਬਾਜ਼ੀ ਕਾਰਨ ਹੋਇਆ। ਕੀ ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ?’’

ਡਾ. ਅੰਬੇਡਕਰ ਦਾ ਕਹਿਣਾ ਸੀ, "ਇਹੀ ਸੋਚ ਹੈ ਜੋ ਮੈਨੂੰ ਚਿੰਤਾ ਵਿਚ ਪਾ ਦਿੰਦੀ ਹੈ। ਇਹ ਚਿੰਤਾ ਇਸ ਤੱਥ ਦੇ ਅਹਿਸਾਸ ਨਾਲ ਹੋਰ ਡੂੰਘੀ ਹੋ ਜਾਂਦੀ ਹੈ ਕਿ ਜਾਤਾਂ ਅਤੇ ਧਰਮਾਂ ਦੇ ਰੂਪ ਵਿੱਚ ਸਾਡੇ ਪੁਰਾਣੇ ਦੁਸ਼ਮਣਾਂ ਤੋਂ ਇਲਾਵਾ ਹੁਣ ਸਾਡੇ ਕੋਲ ਵੰਨ-ਸੁਵੰਨੀਆਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਵੀ ਹੋਣਗੀਆਂ।ਕੀ ਭਾਰਤੀ ਲੋਕ ਦੇਸ਼ ਨੂੰ ਆਪਣੇ ਧਰਮ-ਜਾਤ ਤੋਂ ਪਹਿਲਾਂ ਤੇ ਉੱਪਰ ਰੱਖਣਗੇ ਜਾਂ ਆਪਣੇ ਧਰਮ-ਜਾਤ ਨੂੰ ਦੇਸ਼ ਤੋਂ ਉੱਪਰ ਤੇ ਪਹਿਲਾਂ ਰੱਖਣਗੇ?... ਮੈਂ ਨਹੀਂ ਜਾਣਦਾ। ਪਰ ਇਹ ਕਾਫ਼ੀ ਹੱਦ ਤੱਕ ਤੈਅ ਹੈ ਕਿ ਜੇ ਪਾਰਟੀਆਂ ਜਾਤ-ਧਰਮ ਨੂੰ ਦੇਸ਼ ਤੋਂ ਉੱਪਰ ਰੱਖਦੀਆਂ ਹਨ ਤਾਂ ਸਾਡੀ ਆਜ਼ਾਦੀ ਦੂਜੀ ਵਾਰ ਖ਼ਤਰੇ ਵਿੱਚ ਪੈ ਜਾਵੇਗੀ ਅਤੇ ਸ਼ਾਇਦ ਹਮੇਸ਼ਾ ਲਈ ਖਤਮ ਹੀ ਹੋ ਜਾਵੇ। ਇਸ ਸਥਿਤੀ ਤੋਂ ਸਾਨੂੰ ਸਾਰਿਆਂ ਨੂੰ ਦ੍ਰਿੜ੍ਹਤਾ ਨਾਲ ਚੌਕਸ ਰਹਿਣਾ ਚਾਹੀਦਾ ਹੈ। ਸਾਨੂੰ ਦ੍ਰਿੜ੍ਹ ਇਰਾਦਾ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਖੂਨ ਦੇ ਆਖਰੀ ਤੁਪਕੇ ਤੱਕ ਨਾਲ ਆਪਣੀ ਆਜ਼ਾਦੀ ਦੀ ਰਾਖੀ ਲਈ ਤਿਆਰ ਰਹਿਣਾ ਚਾਹੀਦਾ ਹੈ।’’ ਧਨਖੜ ਨੇ ਆਪਣੇ ਭਾਸ਼ਣ ਦੀ ਸਮਾਪਤੀ ਭਾਰਤੀ ਸੰਵਿਧਾਨ ਦੇ ਪਿਤਾਮਾ ਤੋਂ ਮਿਲੀ ਇਸ ‘ਸਿਆਣਪ ਭਰੀ ਸਲਾਹ’ ਵੱਲ ਧਿਆਨ ਦੇਣ ਦੀ ਅਪੀਲ ਨਾਲ ਕੀਤੀ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਵਿਧਾਨ ਦਿਵਸ ਮਨਾ ਰਹੇ ਕਰੋੜਾਂ ਭਾਰਤੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸੰਵਿਧਾਨ ਸਾਡੇ ਲੋਕਾਂ ਦੀ ਸਾਲਾਂ ਦੀ ਤਪੱਸਿਆ, ਕੁਰਬਾਨੀ, ਲਿਆਕਤ, ਤਾਕਤ ਅਤੇ ਯੋਗਤਾ ਦਾ ਸਿੱਟਾ ਹੈ। ਬਿਰਲਾ ਨੇ ਕਿਹਾ, "ਮੈਂ ਅੱਜ ਸੰਵਿਧਾਨ ਦਿਵਸ ਮਨਾ ਰਹੇ ਕਰੋੜਾਂ ਭਾਰਤੀਆਂ ਨੂੰ ਵਧਾਈ ਦਿੰਦਾ ਹਾਂ। ਅੱਜ ਤੋਂ 75 ਸਾਲ ਪਹਿਲਾਂ ਇਸ ਦਿਨ ਸਾਡੇ ਸੰਵਿਧਾਨ ਨੂੰ ਸੰਹਿਤਾਬੱਧ (codify) ਕੀਤਾ ਗਿਆ ਸੀ। ਰਾਸ਼ਟਰਪਤੀ ਦੀ ਅਗਵਾਈ ਵਿੱਚ ਅੱਜ ਪੂਰਾ ਦੇਸ਼ ਮਿਲ ਕੇ ਸੰਵਿਧਾਨ ਪ੍ਰਤੀ ਸ਼ੁਕਰਗੁਜ਼ਾਰੀ  ਜ਼ਾਹਰ ਕਰ ਰਿਹਾ ਹੈ। ਅੱਜ ਦੇ ਦਿਨ ਕਰੋੜਾਂ ਦੇਸ਼ਵਾਸੀ  ਸੰਵਿਧਾਨ  ਦੀ ਪ੍ਰਸਤਾਵਨਾ ਦਾ ਪਾਠ ਕਰ ਕੇ ਮੁਲਕ ਨੂੰ ਅਗਾਂਹ ਲਿਜਾਣ ਦਾ ਅਹਿਦ ਕਰਨਗੇ।  ਪ੍ਰਧਾਨ ਮੰਤਰੀ ਮੋਦੀ ਦੀ ਪ੍ਰੇਰਨਾ ਨਾਲ ਸਾਲ 2015 ਵਿਚ ਅਸੀਂ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ। ਇਹ ਸੰਵਿਧਾਨ ਸਾਡੇ ਲੋਕਾਂ ਦੀ ਸਾਲਾਂ ਦੀ ਤਪੱਸਿਆ, ਕੁਰਬਾਨੀ, ਲਿਆਕਤ, ਤਾਕਤ ਅਤੇ ਯੋਗਤਾ ਦਾ ਨਤੀਜਾ ਹੈ। ਕਰੀਬ 3 ਸਾਲਾਂ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀਆਂ ਭੂਗੋਲਿਕ ਅਤੇ ਸਮਾਜਿਕ ਵੰਨਸੁਵੰਨਤਾਵਾਂ ਤੇ ਅਨੇਕਤਾਵਾਂ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਵਾਲਾ ਇੱਕ ਸੰਵਿਧਾਨ ਬਣਾਇਆ।’’

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾਵਾਂ ਨੇ ਵੀ ਸੰਵਿਧਾਨ ਸਦਨ 'ਚ ਸੰਵਿਧਾਨ ਦਿਵਸ ਸਮਾਰੋਹ ਵਿਚ ਸ਼ਿਰਕਤ ਕੀਤੀ। ਇਹ ਸਮਾਗਮ 26 ਨਵੰਬਰ, 1949 ਨੂੰ ਸੰਵਿਧਾਨ ਸਭਾ ਦੁਆਰਾ ਸੰਵਿਧਾਨ ਨੂੰ ਅਪਣਾਏ ਜਾਣ ਨੂੰ ਚੇਤੇ ਕਰਾਉਂਦਾ ਹੈ ਅਤੇ ਅੱਜ ਇਸ ਇਤਿਹਾਸਕ ਦਿਹਾੜੇ ਦੀ 75ਵੀਂ ਵਰ੍ਹੇਗੰਢ ਮਨਾਈ ਗਈ ਅਤੇ ਨਾਲ ਹੀ ਇਸ ਸਬੰਧੀ ਇਕ ਸਾਲ ਚੱਲਣ ਵਾਲੇ ਸਮਾਗਮਾਂ ਦਾ ਆਗ਼ਾਜ਼ ਹੋ ਗਿਆ। ਸੰਵਿਧਾਨ ਰਸਮੀ ਤੌਰ 'ਤੇ 26 ਜਨਵਰੀ, 1950 ਨੂੰ ਲਾਗੂ ਹੋਇਆ ਸੀ। -ਏਜੰਸੀਆਂ

Advertisement
×