ਆਲ ਇੰਡੀਆ ਕਾਂਗਰਸ ਕਮੇਟੀ (ਏ ਆਈ ਸੀ ਸੀ) ਦੇ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ 24 ਸਤੰਬਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ ’ਚ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ (ਸੀ ਡਬਲਿਊ ਸੀ) ਦੀ ਮੀਟਿੰਗ ’ਚ ਸ਼ਾਮਲ ਹੋਣਗੇ। ਕਾਂਗਰਸ ਦੇ ਬਿਹਾਰ ਇੰਚਾਰਜ ਕ੍ਰਿਸ਼ਨਾ ਅੱਲਾਵਰੂ ਨੇ ਅੱਜ ਇਹ ਜਾਣਕਾਰੀ ਦਿੱਤੀ।ਅੱਲਾਵਰੂ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਬਿਹਾਰ ’ਚ ਕਾਂਗਰਸ ‘ਆਜ਼ਾਦੀ ਦੀ ਦੂਜੀ ਲੜਾਈ’ ਲੜ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਇਹ ਮੀਟਿੰਗ ਇੱਥੇ ਸੱਦੀ ਗਈ ਹੈ। ਉਨ੍ਹਾਂ ਕਿਹਾ, ‘ਸੀ ਡਬਲਿਊ ਸੀ ਮੀਟਿੰਗ ’ਚ ਏ ਆਈ ਸੀ ਸੀ ਪ੍ਰਧਾਨ ਖੜਗੇ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮੌਜੂਦ ਰਹਿਣਗੇ। ਸੀ ਡਬਲਿਊ ਸੀ ਦੇ ਸਾਰੇ ਹੋਰ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਮੀਟਿੰਗ ’ਚ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।’ ਅੱਲਾਵਰੂ ਨੇ ਦੋਸ਼ ਲਾਇਆ ਕਿ ਕੇਂਦਰ ’ਚ ਹਾਕਮ ਭਾਜਪਾ ‘ਵੋਟ ਚੋਰੀ’ ਵਿੱਚ ਸ਼ਾਮਲ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਅਜਿਹੇ ਵਿਦਿਆਰਥੀ ਦੀ ਤਰ੍ਹਾਂ ਹਨ ਜੋ ਸਖਤ ਮਿਹਨਤ ਨਹੀਂ ਕਰਦਾ ਬਲਕਿ ਪ੍ਰੀਖਿਆ ’ਚ ਚੰਗਾ ਪ੍ਰਦਰਸ਼ਨ ਕਰਨ ਲਈ ਗਲਤ ਢੰਗਾਂ ਦਾ ਸਹਾਰਾ ਲੈਂਦਾ ਹੈ।’ ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਸਕਾਰਾਤਮਕ ਗੱਲਬਾਤ ਜਾਰੀ ਹੈ ਤੇ ਜਲਦੀ ਹੀ ਇਕ ਵਿਹਾਰਕ ਨੁਕਤਾ ਸਾਹਮਣੇ ਆ ਜਾਵੇਗਾ।