DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ਚੋਣਾਂ ਮੋਦੀ ਸਰਕਾਰ ਦੇ ‘ਭ੍ਰਿਸ਼ਟ ਸ਼ਾਸਨ’ ਦੇ ਅੰਤ ਦਾ ਆਗਾਜ਼ ਹੋਣਗੀਆਂ: ਖੜਗੇ

ਪਟਨਾ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ, ਬਿਹਾਰ ਵਿਧਾਨ ਸਭਾ ਚੋਣਾਂ ਅਤੇ ‘ਵੋਟ ਚੋਰੀ’ ਉੱਤੇ ਹੋਵੇਗੀ ਚਰਚਾ

  • fb
  • twitter
  • whatsapp
  • whatsapp
featured-img featured-img
(PTI Photo)
Advertisement
CWC Meeting in Patna ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਇਸ ’ਤੇ ‘ਵੋਟ ਚੋਰੀ’ ਅਤੇ ਫਿਰਕੂ ਧਰੁਵੀਕਰਨ ਦਾ ਦੋਸ਼ ਲਗਾਇਆ। ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਮੋਦੀ ਸਰਕਾਰ ਦੇ ‘ਭ੍ਰਿਸ਼ਟ ਸ਼ਾਸਨ’ ਦੇ ਅੰਤ ਦੀ ਸ਼ੁਰੂਆਤ ਹੋਣਗੀਆਂ।ਇੱਥੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਵਿੱਚ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਖੜਗੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਾਲੀਆ ਬਿਆਨਾਂ ਅਤੇ ਕਾਰਵਾਈਆਂ ਦਾ ਸਪੱਸ਼ਟ ਹਵਾਲਾ ਵੀ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ।

ਖੜਗੇ ਨੇ ਕਿਹਾ, ‘‘ਕੌਮਾਂਤਰੀ ਪੱਧਰ ’ਤੇ ਸਾਡੀਆਂ ਸਮੱਸਿਆਵਾਂ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਕੂਟਨੀਤਕ ਅਸਫਲਤਾ ਦਾ ਨਤੀਜਾ ਹਨ। ਜਿਨ੍ਹਾਂ ਦੋਸਤਾਂ ਨੂੰ ਪ੍ਰਧਾਨ ਮੰਤਰੀ ‘ਮੇਰੇ ਦੋਸਤ’ ਕਹਿ ਕੇ ਮਾਣ ਕਰਦੇ ਹਨ, ਉਹ ਅੱਜ ਭਾਰਤ ਨੂੰ ਕਈ ਮੁਸੀਬਤਾਂ ਵਿੱਚ ਪਾ ਰਹੇ ਹਨ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਅੱਜ, ਜਦੋਂ ਸਾਡੀ ਵੋਟਰ ਸੂਚੀ ਨਾਲ ਅਧਿਕਾਰਤ ਤੌਰ ’ਤੇ ਛੇੜਛਾੜ ਕੀਤੀ ਜਾ ਰਹੀ ਹੈ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਲੋਕਤੰਤਰ ਦੀ ਮਾਂ ਬਿਹਾਰ ਵਿੱਚ ਆਪਣੀ ਵਿਸਤ੍ਰਿਤ CWC ਮੀਟਿੰਗ ਕਰੀਏ ਅਤੇ ਇਸ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਈਏ।’’

Advertisement

ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ਲੋਕਤੰਤਰ ਦੀ ਨੀਂਹ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਹਨ। ਉਨ੍ਹਾਂ ਕਿਹਾ ਕਿ ਅੱਜ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਬਾਰੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਖੜਗੇ ਨੇ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਹੋਏ ਖੁਲਾਸਿਆਂ ਬਾਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ, ਚੋਣ ਕਮਿਸ਼ਨ ਸਾਡੇ ਤੋਂ ਹਲਫ਼ਨਾਮੇ ਦੀ ਮੰਗ ਕਰ ਰਿਹਾ ਹੈ। ਖੜਗੇ ਨੇ ਬਿਹਾਰ ਵਿਚ SIR ਦੇ ਹਵਾਲੇ ਨਾਲ ਕਿਹਾ ਕਿ ਬਿਹਾਰ ਦੀ ਮਿਸਾਲ ਤੋਂ ਬਾਅਦ, ਹੁਣ ਦੇਸ਼ ਭਰ ਵਿੱਚ ਲੱਖਾਂ ਲੋਕਾਂ ਦੀਆਂ ਵੋਟਾਂ ਨੂੰ ਹਟਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਉਨ੍ਹਾਂ ਕਿਹਾ, ‘‘ਵੋਟ ਚੋਰੀ ਦਾ ਅਰਥ ਹੈ ਰਾਸ਼ਨ, ਪੈਨਸ਼ਨ, ਦਵਾਈ, ਬੱਚਿਆਂ ਦੇ ਵਜ਼ੀਫ਼ੇ ਅਤੇ ਦਲਿਤਾਂ, ਆਦਿਵਾਸੀਆਂ, ਪੱਛੜੇ ਵਰਗਾਂ, ਬਹੁਤ ਪੱਛੜੇ ਵਰਗਾਂ, ਘੱਟ ਗਿਣਤੀਆਂ, ਕਮਜ਼ੋਰਾਂ ਅਤੇ ਗਰੀਬਾਂ ਨਾਲ ਸਬੰਧਤ ਪ੍ਰੀਖਿਆ ਫੀਸਾਂ ਦੀ ਚੋਰੀ।’’ ਖੜਗੇ ਨੇ ਕਿਹਾ ਕਿ ‘ਵੋਟਰ ਅਧਿਕਾਰ ਯਾਤਰਾ’ ਨੇ ਬਿਹਾਰ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ, ਅਤੇ ਉਹ ਖੁੱਲ੍ਹ ਕੇ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਕਿਹਾ, ‘‘ਅੱਜ, ਸਾਡਾ ਦੇਸ਼ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਆਰਥਿਕ ਮੰਦੀ, ਬੇਰੁਜ਼ਗਾਰੀ, ਸਮਾਜਿਕ ਧਰੁਵੀਕਰਨ, ਅਤੇ ਖੁਦਮੁਖਤਿਆਰ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਕਮਜ਼ੋਰ ਕਰਨਾ ਸ਼ਾਮਲ ਹੈ।’’

ਖੜਗੇ ਨੇ ਕਿਹਾ, ‘‘2 ਕਰੋੜ ਨੌਕਰੀਆਂ' ਦਾ ਵਾਅਦਾ ਅਜੇ ਵੀ ਅਧੂਰਾ ਹੈ। ਨੌਜਵਾਨ ਰੁਜ਼ਗਾਰ ਤੋਂ ਬਿਨਾਂ ਭਟਕ ਰਹੇ ਹਨ। ਨੋਟਬੰਦੀ ਅਤੇ ਇੱਕ ਗਲਤ ਜੀਐਸਟੀ ਨੇ ਅਰਥਚਾਰੇ ਨੂੰ ਲੀਹੋਂ ਲਾਹ ਦਿੱਤਾ ਹੈ। ਅੱਠ ਸਾਲਾਂ ਬਾਅਦ, ਪ੍ਰਧਾਨ ਮੰਤਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਹੁਣ, ਜੀਐਸਟੀ ਵਿੱਚ ਉਹੀ ਸੁਧਾਰ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦੀ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਮੰਗ ਕਰ ਰਹੀ ਸੀ।’’

ਉਨ੍ਹਾਂ ਦਾਅਵਾ ਕੀਤਾ ਕਿ ਐਨਡੀਏ ਗੱਠਜੋੜ ਦਾ ‘ਅੰਦਰੂਨੀ ਕਲੇਸ਼’ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ, ‘‘ਭਾਜਪਾ ਨੇ ਨਿਤੀਸ਼ ਕੁਮਾਰ ਨੂੰ ਮਾਨਸਿਕ ਤੌਰ ’ਤੇ ਸੇਵਾਮੁਕਤ ਕਰ ਦਿੱਤਾ ਹੈ। ਭਾਜਪਾ ਹੁਣ ਉਨ੍ਹਾਂ ਨੂੰ ਬੋਝ ਸਮਝਦੀ ਹੈ।’’ ਖੜਗੇ ਨੇ ਕਿਹਾ ਕਿ ਜਨਤਾ ਜਾਤੀ ਜਨਗਣਨਾ ਅਤੇ ਰਾਖਵਾਂਕਰਨ ਨੀਤੀਆਂ ਵਿੱਚ ਪਾਰਦਰਸ਼ਤਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘2025 ਦੀਆਂ ਵਿਧਾਨ ਸਭਾ ਚੋਣਾਂ ਨਾ ਸਿਰਫ਼ ਬਿਹਾਰ ਲਈ ਸਗੋਂ ਪੂਰੇ ਦੇਸ਼ ਲਈ ਇੱਕ ਮੀਲ ਪੱਥਰ ਸਾਬਤ ਹੋਣਗੀਆਂ। ਇਹ ਮੋਦੀ ਸਰਕਾਰ ਦੇ ਭ੍ਰਿਸ਼ਟ ਸ਼ਾਸਨ ਦੀ ਉਲਟੀ ਗਿਣਤੀ ਅਤੇ ਅੰਤ ਦੀ ਸ਼ੁਰੂਆਤ ਹੋਵੇਗੀ।’’

ਵਰਕਿੰਗ ਕਮੇਟੀ ਮੀਟਿੰਗ ਵਿੱਚ ਖੜਗੇ, ਸਾਬਕਾ ਪਾਰਟੀ ਮੁਖੀ ਰਾਹੁਲ ਗਾਂਧੀ, ਖਜ਼ਾਨਚੀ ਅਜੈ ਮਾਕਨ, ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜੈਰਾਮ ਰਮੇਸ਼ ਅਤੇ ਸਚਿਨ ਪਾਇਲਟ, ਬਿਹਾਰ ਕਾਂਗਰਸ ਮੁਖੀ ਰਾਜੇਸ਼ ਕੁਮਾਰ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ। CWC ਦੀ ਮੀਟਿੰਗ ਵਿੱਚ ਸਥਾਈ ਸੱਦੇ ਅਤੇ ਵਿਸ਼ੇਸ਼ ਸੱਦੇ ਤਹਿਤ ਪਾਰਟੀ-ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ, ਰਾਜ ਇਕਾਈਆਂ ਦੇ ਪ੍ਰਧਾਨ ਅਤੇ ਕਾਂਗਰਸ ਵਿਧਾਨਕ ਪਾਰਟੀ (CLP) ਦੇ ਆਗੂ ਵੀ ਸ਼ਾਮਲ ਹੋਏ। ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ, ਕਾਂਗਰਸ ਵਰਕਿੰਗ ਕਮੇਟੀ ਬਿਹਾਰ ਵਿੱਚ ਮੀਟਿੰਗ ਕਰ ਰਹੀ ਹੈ।

ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਖੜਗੇ ਨੇ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਫਿਰ ਪਾਰਟੀ ਆਗੂਆਂ ਨੇ ਰਾਸ਼ਟਰੀ ਗੀਤ ਗਾਇਆ। ਇਹ ਮੀਟਿੰਗ ਮਹਾਂਗਠਜੋੜ ਦੇ ਭਾਈਵਾਲਾਂ ਵਿਚਕਾਰ ਸੀਟਾਂ ਦੀ ਵੰਡ ਬਾਰੇ ਗੱਲਬਾਤ ਦੌਰਾਨ ਅਤੇ ਰਾਹੁਲ ਗਾਂਧੀ ਦੀ ਕਥਿਤ ‘ਵੋਟ ਚੋਰੀ’ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਵਿਰੁੱਧ ‘ਵੋਟਰ ਅਧਿਕਾਰ ਯਾਤਰਾ’ ਤੋਂ ਬਾਅਦ ਹੋ ਰਹੀ ਹੈ।

ਰਾਹੁਲ ਗਾਂਧੀ ਦੇ ਦੌਰੇ ਨੂੰ ਕਾਂਗਰਸੀ ਵਰਕਰਾਂ ਵਿਚ ਨਵੀਂ ਊਰਜਾ ਭਰਨ ਅਤੇ ਚੋਣ ਤਿਆਰੀਆਂ ਨੂੰ ਤੇਜ਼ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਇਸ ਸਾਲ ਅਕਤੂਬਰ-ਨਵੰਬਰ ਵਿੱਚ ਹੋਣ ਦੀ ਸੰਭਾਵਨਾ ਹੈ।

Advertisement
×