ਨਵਜੋਤ ਕੌਰ ਸਿੱਧੂ ਖ਼ਿਲਾਫ਼ ਕਾਂਗਰਸੀ ਇਕਜੁੱਟ
ਪੰਜਾਬ ਕਾਂਗਰਸ ’ਚੋਂ ਮੁਅੱਤਲੀ ਮਗਰੋਂ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਖੁੱਲ੍ਹ ਕੇ ਮੈਦਾਨ ’ਚ ਆ ਗਈ ਹੈ। ਉਨ੍ਹਾਂ ਵੱਲੋਂ ਜਨਤਕ ਤੌਰ ’ਤੇ ਕਾਂਗਰਸ ਦੇ ਸੀਨੀਅਰ ਆਗੂਆਂ ਉਪਰ ਲਗਾਏ ਇਲਜ਼ਾਮਾਂ ਨੇ ਪੰਜਾਬ ਕਾਂਗਰਸ ’ਚ ਸਿਆਸੀ ਭੂਚਾਲ ਲੈ ਆਂਦਾ ਹੈ। ਉਨ੍ਹਾਂ ਦੀ...
ਪੰਜਾਬ ਕਾਂਗਰਸ ’ਚੋਂ ਮੁਅੱਤਲੀ ਮਗਰੋਂ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਖੁੱਲ੍ਹ ਕੇ ਮੈਦਾਨ ’ਚ ਆ ਗਈ ਹੈ। ਉਨ੍ਹਾਂ ਵੱਲੋਂ ਜਨਤਕ ਤੌਰ ’ਤੇ ਕਾਂਗਰਸ ਦੇ ਸੀਨੀਅਰ ਆਗੂਆਂ ਉਪਰ ਲਗਾਏ ਇਲਜ਼ਾਮਾਂ ਨੇ ਪੰਜਾਬ ਕਾਂਗਰਸ ’ਚ ਸਿਆਸੀ ਭੂਚਾਲ ਲੈ ਆਂਦਾ ਹੈ। ਉਨ੍ਹਾਂ ਦੀ ਮੁਅੱਤਲੀ ਦੇ ਮਾਮਲੇ ’ਚ ਕਾਂਗਰਸੀ ਆਗੂ ਇਕਜੁੱਟ ਜਾਪਦੇ ਹਨ।
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁਅੱਤਲੀ ਨੂੰ ਸਹੀ ਦੱਸਿਆ ਹੈ। ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਨੇ ਪਾਰਟੀ ਅਨੁਸ਼ਾਸਨ ਵਾਸਤੇ ਇਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ। ਤਰਨ ਤਾਰਨ ਤੋਂ ਚੋਣ ਲੜਨ ਵਾਲੇ ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਲਈ ਕੋਈ ਪੈਸਾ ਨਹੀਂ ਦੇਣਾ ਪਿਆ। ਉਨ੍ਹਾਂ ਕਿਹਾ ਕਿ ਉਹ ਨਵਜੋਤ ਕੌਰ ਸਿੱਧੂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਕਾਂਗਰਸੀ ਆਗੂ ਇਸ ਮਾਮਲੇ ’ਤੇ ਪਾਸਾ ਵੱਟ ਰਹੇ ਹਨ।
ਚੀਫ ਜਸਟਿਸ ਦੀ ਅਗਵਾਈ ਹੇਠ ਮਾਮਲੇ ਦੀ ਜਾਂਚ ਹੋਵੇ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਦੇ ਇਲਜ਼ਾਮਾਂ ਕਾਰਨ ਕਾਂਗਰਸ ’ਚ ਛਿੜੇ ਕਲੇਸ਼ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਉਨ੍ਹਾਂ ਮੁੱਖ ਮੰਤਰੀ ਨੂੰ ਚੇਤੇ ਕਰਾਇਆ ਕਿ ਉਹ ਖ਼ੁਦ ਵੀ ਭ੍ਰਿਸ਼ਟਾਚਾਰ ਨੂੰ ਕੈਂਸਰ ਆਖਦੇ ਰਹੇ ਹਨ। ਸ੍ਰੀ ਜਾਖੜ ਨੇ ਆਪਣੇ ‘ਐਕਸ’ ਖਾਤੇ ’ਤੇ ਮੁੱਖ ਮੰਤਰੀ ਨੂੰ 16 ਜੂਨ 2025 ਨੂੰ ਲਿਖੇ ਪੱਤਰ ਦੇ ਹਵਾਲੇ ਦਾ ਨਾਲ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਦੀ ਜਾਇਦਾਦ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ।
ਵੜਿੰਗ ਤੇ ਬਾਜਵਾ ਹੁਣ ਚੁੱਪ ਕਿਉਂ: ਚੀਮਾ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵਜੋਤ ਕੌਰ ਸਿੱਧੂ ਵੱਲੋਂ ਲਾਏ ਇਲਜ਼ਾਮਾਂ ਦੇ ਮਾਮਲੇ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੁੱਪ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਆਗੂਆਂ ਦੇ ਮੂੰਹ ਨੂੰ ਜਿੰਦਰੇ ਕਿਉਂ ਲੱਗ ਗਏ ਹਨ। ਵਜ਼ੀਫ਼ਾ ਸਕੀਮ ’ਚ ਕਾਂਗਰਸ ਸਰਕਾਰ ਸਮੇਂ ਘੁਟਾਲਾ ਹੋਇਆ ਸੀ ਅਤੇ ਕਾਂਗਰਸ ਸਰਕਾਰ ਨੇ ਆਪਣੇ ਨੇੜਲਿਆਂ ਨੂੰ ਨੌਕਰੀਆਂ ਨਾਲ ਨਿਵਾਜਿਆ ਸੀ।

