ਕਾਂਗਰਸ ਨੇ ਮਨੀਪੁਰ ਫੇਰੀ ਲਈ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੀਪੁਰ ਦੇ ਸੰਭਾਵੀ ਦੌਰੇ ’ਤੇ ਕਾਂਗਰਸ ਨੇ ਤਨਜ਼ ਕੱਸਦਿਆਂ ਕਿਹਾ ਕਿ ਅਜਿਹਾ ਕਾਹਲੀ ਵਾਲਾ ਦੌਰਾ ਸੂਬੇ ਦੇ ਲੋਕਾਂ ਦਾ ਅਪਮਾਨ ਹੈ, ਜੋ 29 ਮਹੀਨਿਆਂ ਤੋਂ ਪ੍ਰਧਾਨ ਮੰਤਰੀ ਨੂੰ ਉਡੀਕ ਰਹੇ ਹਨ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 13 ਸਤੰਬਰ ਨੂੰ ਮਨੀਪੁਰ ਦਾ ਦੌਰਾ ਅਸਲ ਵਿੱਚ ‘ਪ੍ਰਧਾਨ ਮੰਤਰੀ ਦਾ ਗ਼ੈਰ-ਮੁਲਾਕਾਤੀ’ ਦੌਰਾ ਹੋਵੇਗਾ।
ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, “ਪ੍ਰਧਾਨ ਮੰਤਰੀ ਦੇ 13 ਸਤੰਬਰ ਨੂੰ ਮਨੀਪੁਰ ਦੇ ਪ੍ਰਸਤਾਵਿਤ ਦੌਰੇ ਲਈ ਉਨ੍ਹਾਂ ਦੇ ਸਮਰਥਕ ਵਧਾਈ ਦੇ ਰਹੇ ਹਨ। ਪਰ ਇੰਝ ਜਾਪਦਾ ਹੈ ਕਿ ਉਹ ਸੂਬੇ ਵਿੱਚ ਸਿਰਫ਼ 3 ਘੰਟੇ ਹੀ ਬਿਤਾਉਣਗੇ, ਹਾਂ, ਸਿਰਫ਼ 3 ਘੰਟੇ। ਅਜਿਹੇ ਜਲਦਬਾਜ਼ੀ ਵਾਲੇ ਦੌਰੇ ਨਾਲ ਉਹ ਕੀ ਹਾਸਲ ਕਰਨ ਦੀ ਉਮੀਦ ਕਰਦੇ ਹਨ?”
ਰਮੇਸ਼ ਨੇ ਆਖਿਆ ਕਿ ਇਹ ਉਨ੍ਹਾਂ ਲੋਕਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਹਿੰਸਕ ਤਣਾਅ ਦੌਰਾਨ ਦੁੱਖ ਝੱਲਦਿਆਂ 29 ਮਹੀਨਿਆਂ ਤੋਂ ਪ੍ਰਧਾਨ ਮੰਤਰੀ ਦੀ ਉਡੀਕ ਕੀਤੀ ਹੈ।
ਰਮੇਸ਼ ਨੇ ਕਿਹਾ, “ਅਸਲ ਵਿੱਚ 13 ਸਤੰਬਰ ਦਾ ਪ੍ਰਧਾਨ ਮੰਤਰੀ ਦਾ ਦੌਰਾ ਨਾਕਾਫੀ ਹੋਵੇਗਾ, ਜਿਸ ਨੇ ਇੱਕ ਵਾਰ ਫਿਰ ਮਨੀਪੁਰ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਬੇਰੁਖ਼ੀ ਅਤੇ ਅਸੰਵੇਦਨਸ਼ੀਲਤਾ ਜ਼ਾਹਿਰ ਕਰ ਦਿੱਤੀ ਹੈ।”
ਉਨ੍ਹਾਂ ਨੇ ਐਕਸ ’ਤੇ ਇੱਕ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਮਨੀਪੁਰ ਵਿੱਚ ਲਗਪਗ ਤਿੰਨ ਘੰਟੇ ਰਹਿਣਗੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ 13 ਸਤੰਬਰ ਨੂੰ ਮਨੀਪੁਰ ਦਾ ਦੌਰਾ ਕਰਨਗੇ, ਜੋ ਮਈ 2023 ਵਿੱਚ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦਾ ਸੂੂਬੇ ਦੀ ਪਹਿਲੀ ਫੇਰੀ ਹੋਵੇਗੀ।