ਭਾਰਤ-ਪਾਕਿ ਟਕਰਾਅ ਰੋਕਣ ਬਾਰੇ ਟਰੰਪ ਦੇ ਦਾਅਵੇ ’ਤੇ ਕਾਂਗਰਸ ਦਾ ਤਨਜ਼, ਕਿਹਾ ‘ਹੁਣ ਗਿਣਤੀ 60 ਹੋ ਗਈ ਹੈ’
ਕਾਂਗਰਸ ਨੇ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਮੁੜ ਤਨਜ਼ ਕੱਸਿਆ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਦਾਅਵਾ ਦੁਹਰਾਇਆ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ ਸੀ। ਇਸ ਕਾਂਗਰਸ ਨੇ ਟਿੱਪਣੀ ਕਰਦਿਆ ਕਿਹਾ ‘ਹੁਣ ਗਿਣਤੀ 60...
ਕਾਂਗਰਸ ਨੇ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਮੁੜ ਤਨਜ਼ ਕੱਸਿਆ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਦਾਅਵਾ ਦੁਹਰਾਇਆ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ ਸੀ। ਇਸ ਕਾਂਗਰਸ ਨੇ ਟਿੱਪਣੀ ਕਰਦਿਆ ਕਿਹਾ ‘ਹੁਣ ਗਿਣਤੀ 60 ਹੋ ਗਈ ਹੈ।’
ਮੰਗਲਵਾਰ ਨੂੰ ਸਾਊਦੀ ਕ੍ਰਾਊਨ ਪ੍ਰਿੰਸ ਨਾਲ ਦੁਵੱਲੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਆਪਣਾ ਇਹ ਦਾਅਵਾ ਦੁਹਰਾਇਆ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਨੂੰ ਰੋਕਿਆ ਸੀ।
ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਸੰਚਾਰ ਵਿਭਾਗ ਦੇ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, "ਬਸ ਜਦੋਂ ਲੱਗਦਾ ਸੀ ਕਿ ਦਾਅਵੇ ਬੰਦ ਹੋ ਗਏ ਹਨ, ਰਾਸ਼ਟਰਪਤੀ ਟਰੰਪ ਨੇ ਦੁਨੀਆ ਨੂੰ ਫਿਰ ਯਾਦ ਕਰਵਾ ਦਿੱਤਾ ਹੈ।" ਰਮੇਸ਼ ਨੇ ਐਕਸ (X) 'ਤੇ ਕਿਹਾ ਕਿ ਕੱਲ੍ਹ ਵਾਸ਼ਿੰਗਟਨ ਵਿੱਚ ਸਾਊਦੀ ਕ੍ਰਾਊਨ ਪ੍ਰਿੰਸ ਨਾਲ ਇੱਕ ਮੁਲਾਕਾਤ ਵਿੱਚ ਟਰੰਪ ਨੇ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਨੇ ‘ਅਪਰੇਸ਼ਨ ਸਿੰਧੂਰ’ ਨੂੰ ਰੋਕਣਾ ਯਕੀਨੀ ਬਣਾਉਣ ਲਈ ਦਖਲ ਦਿੱਤਾ ਸੀ।
ਕਾਂਗਰਸ ਆਗੂ ਨੇ ਕਿਹਾ, "ਬੇਸ਼ੱਕ, ਉਹ ਇਹ ਗੱਲ ਪਹਿਲਾਂ ਸਾਊਦੀ ਅਰਬ ਦੇ ਨਾਲ-ਨਾਲ ਕਤਰ, ਮਿਸਰ, ਯੂਕੇ, ਨੀਦਰਲੈਂਡਜ਼ ਅਤੇ ਜਾਪਾਨ ਵਿੱਚ, ਅਤੇ ਕਈ ਹੋਰ ਪ੍ਰੈਸ ਗੱਲਬਾਤਾਂ ਵਿੱਚ ਵੀ ਕਹਿ ਚੁੱਕੇ ਹਨ।" "ਹੁਣ ਗਿਣਤੀ 60 ਹੋ ਗਈ ਹੈ।"
ਹਾਲਾਂਕਿ ਇਸ ਤੋਂ ਪਹਿਲਾ ਭਾਰਤ ਨੇ ਕਿਸੇ ਵੀ ਧਿਰ ਦੇ ਦਖਲ ਤੋਂ ਲਗਾਤਾਰ ਇਨਕਾਰ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕਾਂਗਰਸ ਨੇ ਟਰੰਪ ਦੇ ਇਸ ਦਾਅਵੇ 'ਤੇ ਪ੍ਰਧਾਨ ਮੰਤਰੀ ਮੋਦੀ 'ਤੇ ਤਨਜ਼ ਕੱਸਿਆ ਸੀ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਲਗਭਗ ਬੰਦ ਕਰ ਦਿੱਤਾ ਹੈ। ਵਿਰੋਧੀ ਪਾਰਟੀ ਨੇ ਪੁੱਛਿਆ, ‘‘ਹਾਉਡੀ ਮੋਦੀ ਦਾ ਇਸ ਸਭ ਬਾਰੇ ਕੀ ਕਹਿਣਾ ਹੈ?’’

