ਕਾਂਗਰਸ ਨੇ ‘ਵੰਦੇ ਮਾਤਰਮ’ ਦੇ ਅਹਿਮ ਬੰਦ ਹਟਾਏ: ਮੋਦੀ
ਰਾਸ਼ਟਰੀ ਗੀਤ ਦੇ 150 ਸਾਲ ਪੂਰੇ ਹੋਣ ’ਤੇ ਯਾਦਗਾਰੀ ਸਮਾਰੋਹਾਂ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ 1937 ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਅਹਿਮ ਬੰਦ ਹਟਾ ਦਿੱਤੇ ਗਏ ਸਨ ਜਿਸ ਨੇ ਵੰਡ ਦੇ ਬੀਜ ਬੀਜੇ, ਇਸ ਤਰ੍ਹਾਂ ਦੀ ‘ਵੰਡਪਾਊ ਮਾਨਸਿਕਤਾ’ ਦੇਸ਼ ਲਈ ਅਜੇ ਵੀ ਚੁਣੌਤੀ ਹੈ। ਉਨ੍ਹਾਂ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਸਬੰਧੀ ਇਕ ਸਾਲ ਤੱਕ ਮਨਾਏ ਜਾਣ ਵਾਲੇ ਯਾਦਗਾਰੀ ਸਮਾਰੋਹਾਂ ਦੀ ਸ਼ੁਰੂਆਤ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਇੱਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ। ਉਨ੍ਹਾਂ ਕਿਹਾ, ‘‘ਵੰਦੇ ਮਾਤਰਮ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਆਵਾਜ਼ ਬਣਿਆ ਸੀ। ਇਸ ਨੇ ਹਰੇਕ ਭਾਰਤੀ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਸੀ। ਬਦਕਿਸਮਤੀ ਨਾਲ, 1937 ਵਿੱਚ ‘ਵੰਦੇ ਮਾਤਰਮ’ ਦੇ ਅਹਿਮ ਬੰਦ ਜੋ ਇਸ ਦੀ ਆਤਮਾ ਦਾ ਹਿੱਸਾ ਸਨ, ਨੂੰ ਵੱਖ ਕਰ ਦਿੱਤਾ ਗਿਆ। ‘ਵੰਦੇ ਮਾਤਰਮ’ ਦੀ ਵੰਡ ਨੇ ਦੇਸ਼ ਦੀ ਵੰਡ ਦੇ ਬੀਜ ਵੀ ਬੀਜੇ। ਅੱਜ ਦੀ ਪੀੜ੍ਹੀ ਨੂੰ ਇਹ ਜਾਨਣ ਦੀ ਲੋੜ ਹੈ ਕਿ ਰਾਸ਼ਟਰ ਨਿਰਮਾਣ ਦੇ ਇਸ ‘ਮਹਾ ਮੰਤਰ’ ਨਾਲ ਇਹ ਅਨਿਆਂ ਕਿਉਂ ਕੀਤਾ ਗਿਆ।’’ ਇਸੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਕੌਮੀ ਗੀਤ ‘ਵੰਦੇ ਮਾਤਰਮ’ ਦੇਸ਼ ਦੇ ਲੋਕਾਂ ਦੀ ਭਾਵਨਾਤਮਕ ਚੇਤਨਾ ਅਤੇ ਏਕਤਾ ਦਾ ਪ੍ਰਤੀਕ ਬਣਿਆ ਹੋਇਆ ਹੈ। ਉਨ੍ਹਾਂ ‘ਐਕਸ’ ਉੱਤੇ ਹਿੰਦੀ ਵਿੱਚ ਪਾਈ ਪੋਸਟ ਵਿੱਚ ਕਿਹਾ, ‘‘ਆਓ, ਅਸੀਂ ਸਾਰੇ ਦੇਸ਼ਵਾਸੀ ਇਹ ਸੰਕਲਪ ਕਰੀਏ ਕਿ ਇਸ ਗੀਤ ਦੀ ਭਾਵਨਾ ਅਨੁਸਾਰ ਭਾਰਤ ਮਾਤਾ ਨੂੰ ‘ਸੁਜਲਾ’ (ਚੰਗੇ ਪਾਣੀ ਵਾਲੀ), ‘ਸੁਫਲਾ’ (ਚੰਗੇ ਜਾਂ ਉੱਤਮ ਫਲ ਵਾਲੀ) ਅਤੇ ‘ਸੁਖਦਾ’ (ਸੁੱਖ ਦੇਣ ਵਾਲੀ) ਬਣਾ ਕੇ ਰੱਖਾਂਗੇ।’’ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਭਾਜਪਾ ਦੇ ਤਰਜਮਾਨ ਸੀ ਆਰ ਕੇਸਵਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਕਾਂਗਰਸ ਨੇ ਗੀਤ ਨੂੰ ਧਰਮ ਨਾਲ ਜੋੜਨ ਦਾ ਪਾਪ ਤੇ ਭੁੱਲ ਕੀਤੀ। ਜਵਾਹਰ ਲਾਲ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਨੇ ਵੰਦੇ ਮਾਤਰਮ ਦੇ ਉਹ ਬੰਦ ਧਾਰਮਿਕ ਆਧਾਰ ’ਤੇ ਜਾਣਬੁੱਝ ਕੇ ਹਟਾ ਦਿੱਤੇ ਜਿਨ੍ਹਾਂ ’ਚ ਦੇਵੀ ਮਾਂ ਦੁਰਗਾ ਦਾ ਗੁਣਗਾਣ ਕੀਤਾ ਗਿਆ ਸੀ।’’
ਸੰਘ ਤੇ ਭਾਜਪਾ ਨੇ ਕਦੇ ‘ਵੰਦੇ ਮਾਤਰਮ’ ਨਹੀਂ ਗਾਇਆ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸੇਧਦੇ ਹੋਏ ਦਾਅਵਾ ਕੀਤਾ ਕਿ ਇਹ ਮੰਦਭਾਗਾ ਹੈ ਕਿ ਜਿਹੜੇ ਲੋਕ ਅੱਜ ਰਾਸ਼ਟਰਵਾਦ ਦੇ ਰਾਖੇ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਆਪਣੀਆਂ ਸ਼ਾਖਾਵਾਂ ਜਾਂ ਦਫ਼ਤਰਾਂ ’ਚ ਕਦੇ ‘ਵੰਦੇ ਮਾਤਰਮ’ ਨਹੀਂ ਗਾਇਆ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਖੁਦ ਰਬਿੰਦਰਨਾਥ ਟੈਗੋਰ ਨੇ ਇਸ ਗੀਤ ਦੇ ਪਹਿਲੇ ਦੋ ਬੰਦਾਂ ਨੂੰ ਅਪਣਾਉਣ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਨੋਬਲ ਪੁਰਸਕਾਰ ਜੇਤੂ (ਟੈਗੋਰ) ’ਤੇ ਵੰਡਣ ਵਾਲੀ ਵਿਚਾਰਧਾਰਾ ਰੱਖਣ ਦਾ ਦੋਸ਼ ਲਗਾਉਣਾ ਸ਼ਰਮਨਾਕ ਹੈ। ਵਿਰੋਧੀ ਪਾਰਟੀ ਨੇ ਇਸ ਬਿਆਨ ਲਈ ਮੋਦੀ ਵੱਲੋਂ ਮੁਆਫੀ ਮੰਗੇ ਜਾਣ ਦੀ ਮੰਗ ਵੀ ਕੀਤੀ। -ਪੀਟੀਆਈ

