ਕਾਂਗਰਸ ਨੇ ਮਨਮੋਹਨ-ਅਨਵਰ ਦੀ ਦੋਸਤੀ ਯਾਦ ਕਰਵਾਈ
ਜੈਰਾਮ ਰਮੇਸ਼ ਨੇ ਆਸਿਆਨ ਸੰਮੇਲਨ ਤੋਂ ਪਹਿਲਾਂ ਮਲੇਸ਼ਿਆਈ ਪ੍ਰਧਾਨ ਮੰਤਰੀ ਦੀ ਪੁਰਾਣੀ ਪੋਸਟ ਸਾਂਝੀ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੇ ਮਲੇਸ਼ਿਆਈ ਹਮਰੁਤਬਾ ਅਨਵਰ ਇਬਰਾਹਿਮ ਦੀ ਪ੍ਰਧਾਨਗੀ ਹੇਠ ਆਸਿਆਨ (ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੀ ਐਸੋਸੀਏਸ਼ਨ) ਆਗੂਆਂ ਨਾਲ ਸਿਖਰ ਵਾਰਤਾ ਤੋਂ ਪਹਿਲਾਂ ਕਾਂਗਰਸ ਨੇ ਅੱਜ ਮਨਮੋਹਨ ਸਿੰਘ ਦੇ ਦੇਹਾਂਤ ਮੌਕੇ ਮਲੇਸ਼ਿਆਈ ਪ੍ਰਧਾਨ ਮੰਤਰੀ ਵੱਲੋਂ ਕਹੇ ਗਏ ਸ਼ਬਦਾਂ ਨੂੰ ਯਾਦ ਕੀਤਾ। ਕਾਂਗਰਸ ਨੇ ਕਿਹਾ ਕਿ ਇਹ ਉਸ ‘ਸੱਚੀ ਦੋਸਤੀ’ ਨੂੰ ਦਰਸਾਉਂਦਾ ਹੈ, ਜਿਸ ਦਾ ਨਾ ਕਦੇ ਪ੍ਰਚਾਰ ਕੀਤਾ ਗਿਆ ਅਤੇ ਨਾ ਹੀ ਉਸ ਬਾਰੇ ਸ਼ੇਖੀ ਮਾਰੀ ਗਈ ਹੈ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪਿਛਲੇ ਸਾਲ ਦਸੰਬਰ ਵਿੱਚ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਇਬਰਾਹਿਮ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਪੋਸਟ ਦਾ ਸਕਰੀਨ ਸ਼ਾਟ ਸਾਂਝਾ ਕੀਤਾ। ਮਲੇਸ਼ਿਆਈ ਪ੍ਰਧਾਨ ਮੰਤਰੀ ਨੇ ਆਪਣੀ ਪੋਸਟ ਵਿੱਚ ਕਿਹਾ ਸੀ, ‘‘ਮੇਰੇ ਸਤਿਕਾਰਯੋਗ ਅਤੇ ਪਿਆਰੇ ਮਿੱਤਰ ਡਾ. ਮਨਮੋਹਨ ਸਿੰਘ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਮੇਰੇ ਉੱਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਇਸ ਮਹਾਨ ਸ਼ਖ਼ਸੀਅਤ ਬਾਰੇ ਯਕੀਨਨ ਬਹੁਤ ਸਾਰੇ ਲੇਖ ਅਤੇ ਕਿਤਾਬਾਂ ਲਿਖੀਆਂ ਜਾਣਗੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਭਾਰਤ ਦੇ ਆਰਥਿਕ ਸੁਧਾਰਾਂ ਦੇ ਨਿਰਮਾਤਾ ਵਜੋਂ ਯਾਦ ਕੀਤਾ ਜਾਵੇਗਾ।’’ ਉਨ੍ਹਾਂ ਯਾਦ ਕੀਤਾ ਕਿ ਕਿਵੇਂ 1990 ਦੇ ਦਹਾਕੇ ਵਿੱਚ ਦੋਵਾਂ ਨੇ ਵਿੱਤ ਮੰਤਰੀਆਂ ਵਜੋਂ ਭ੍ਰਿਸ਼ਟਾਚਾਰ ਵਿਰੁੱਧ ਮਿਲ ਕੇ ਕੰਮ ਕੀਤਾ ਸੀ। ਇਬਰਾਹਿਮ ਨੇ ਨਿੱਜੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਕੈਦ ਦੇ ਔਖੇ ਸਮੇਂ ਦੌਰਾਨ ਮਨਮੋਹਨ ਸਿੰਘ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਮਨਮੋਹਨ ਸਿੰਘ ਨੇ ਉਨ੍ਹਾਂ ਦੇ ਬੱਚਿਆਂ ਲਈ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਸੀ, ਜੋ ਉਨ੍ਹਾਂ ਦੀ ਦਰਿਆਦਿਲੀ ਦਾ ਸਬੂਤ ਸੀ। ਪ੍ਰਧਾਨ ਮੰਤਰੀ ਮੋਦੀ ਆਸਿਆਨ ਸੰਮੇਲਨ ਲਈ ਮਲੇਸ਼ੀਆ ਨਹੀਂ ਗਏ ਪਰ ਉਹ ਇਸ ਵਿੱਚ ਵਰਚੁਅਲ ਤੌਰ ’ਤੇ ਹਿੱਸਾ ਲੈਣਗੇ। ਆਸਿਆਨ ਦਾ ਸਿਖਰ ਸੰਮੇਲਨ 26 ਤੋਂ 28 ਅਕਤੂਬਰ ਤੱਕ ਕੁਆਲਾਲੰਪੁਰ ਵਿੱਚ ਹੋ ਰਿਹਾ ਹੈ।

