ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਬੰਗਲੂਰੂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੇਸਮੇਕਰ ਲਾਉਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੇ ਪੁੱਤਰ ਅਤੇ ਕਰਨਾਟਕ ਦੇ ਮੰਤਰੀ ਪ੍ਰਿਆਂਕ ਖੜਗੇ ਨੇ ਅੱਜ ਐਕਸ ’ਤੇ ਕਿਹਾ, ‘ਸ੍ਰੀ ਖੜਗੇ ਨੂੰ ਪੇਸਮੇਕਰ ਲਾਉਣ ਦੀ ਸਲਾਹ ਦਿੱਤੀ ਗਈ ਸੀ ਅਤੇ ਇਸ ਤਹਿਤ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਠੀਕ ਹਨ। ਤੁਹਾਡੀਆਂ ਚਿੰਤਾਵਾਂ ਅਤੇ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ।’
ਪਾਰਟੀ ਸੂਤਰਾਂ ਅਨੁਸਾਰ 83 ਸਾਲਾ ਆਗੂ ਨੂੰ ਮੰਗਲਵਾਰ ਨੂੰ ਸ਼ਹਿਰ ਦੇ ਐੱਮ ਐੱਸ ਰਮੱਈਆ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਹਸਪਤਾਲ ਜਾ ਕੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਖੜਗੇ ਦਾ ਹਾਲ-ਚਾਲ ਪੁੱਛਿਆ। ਖੜਗੇ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਉਨ੍ਹਾਂ (ਖੜਗੇ) ਨੂੰ ਥੋੜ੍ਹੀ ਬੇਚੈਨੀ ਮਹਿਸੂਸ ਹੋ ਰਹੀ ਸੀ, ਇਸ ਲਈ ਉਹ ਜਾਂਚ ਲਈ ਹਸਪਤਾਲ ਆਏ ਸਨ। ਉਹ ਬਿਲਕੁਲ ਠੀਕ ਹਨ। ਉਨ੍ਹਾਂ ਨੂੰ ਭਲਕੇ ਛੁੱਟੀ ਮਿਲ ਜਾਵੇਗੀ। ਉਹ ਗੱਲਬਾਤ ਕਰ ਰਹੇ ਹਨ ਅਤੇ ਹਾਲਤ ਪੂਰੀ ਤਰ੍ਹਾਂ ਸਥਿਰ ਹੈ।’
ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਸਿੱਧਰਾਮਈਆ ਨੇ ਖੜਗੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।