ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ। ਖੜਗੇ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਉਹ ਰਾਸ਼ਟਰ ਨਿਰਮਾਣ ’ਚ ਮਨਮੋਹਨ ਸਿੰਘ ਦੇ ਯੋਗਦਾਨ ਨੂੰ ਯਾਦ ਕਰਦੇ ਹਨ। ਉਹ ਭਾਰਤ ’ਚ ਆਰਥਿਕ ਤਬਦੀਲੀਆਂ ਦੇ ਘਾੜੇ ਸਨ। ਕਾਂਗਰਸ ਪ੍ਰਧਾਨ ਨੇ ਕਿਹਾ, ‘ਨਿਮਰਤਾ ਤੇ ਗਿਆਨ ਦੇ ਪ੍ਰਤੀਕ, ਉਨ੍ਹਾਂ ਸ਼ਾਂਤ ਸੁਭਾਅ ਨਾਲ ਵਿਹਾਰ ਕੀਤਾ, ਆਪਣੇ ਕੰਮਾਂ ਨੂੰ ਆਪਣੇ ਸ਼ਬਦਾਂ ਨਾਲੋਂ ਵੱਧ ਪ੍ਰਭਾਵਸ਼ਾਲੀ ਬਣਾਇਆ। ਆਰਥਿਕ ਸੁਧਾਰਾਂ ਦੇ ਉਨ੍ਹਾਂ ਦੇ ਨਜ਼ਰੀਏ ਨੇ ਮੌਕਿਆਂ ਦੇ ਨਵੇਂ ਰਾਹ ਖੋਲ੍ਹੇ, ਇੱਕ ਖੁਸ਼ਹਾਲ ਮੱਧ ਵਰਗ ਦਾ ਨਿਰਮਾਣ ਕੀਤਾ ਅਤੇ ਅਣਗਿਣਤ ਪਰਿਵਾਰਾਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ।’ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਜਨਮਦਿਨ ਮੌਕੇ ਐਕਸ ’ਤੇ ਕਿਹਾ ਕਿ ਉਹ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਉਨ੍ਹਾਂ ਕਿਹਾ, ‘ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ, ਗਰੀਬਾਂ ਤੇ ਹਾਸ਼ੀਏ ’ਤੇ ਆਏ ਲੋਕਾਂ ਲਈ ਉਨ੍ਹਾਂ ਦੇ ਠੋਸ ਫ਼ੈਸਲੇ ਅਤੇ ਇੱਕ ਮਜ਼ਬੂਤ ਅਰਥਚਾਰੇ ਦੇ ਨਿਰਮਾਣ ’ਚ ਉਨ੍ਹਾਂ ਦਾ ਇਤਿਹਾਸਕ ਯੋਗਦਾਨ ਸਾਡਾ ਮਾਰਗ ਦਰਸ਼ਨ ਕਰਦਾ ਰਹੇਗਾ।’ ਪ੍ਰਧਾਨ ਮੰਤਰੀ ਨੇ ਮਨਮੋਹਨ ਸਿੰਘ ਨੂੰ ਕੀਤਾ ਯਾਦਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਮੋਦੀ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ। ਅਸੀਂ ਉਨ੍ਹਾਂ ਦੇ ਲੰਮੇ ਜਨਤਕ ਜੀਵਨ ਦੌਰਾਨ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹਾਂ।’