ਇੰਦਰਾ ਗਾਂਧੀ ਦੀ ਜੈਅੰਤੀ ਮੌਕੇ ਕਾਂਗਰਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ
ਉਨ੍ਹਾਂ ਦੀ ਹਿੰਮਤ, ਦੇਸ਼ ਭਗਤੀ ਮੈਨੂੰ ਬੇਇਨਸਾਫ਼ੀ ਦੇ ਖ਼ਿਲਾਫ਼ ਖੜ੍ਹੇ ਹੋਣ ਲਈ ਪ੍ਰੇਰਿਤ ਕਰਦੀ ਹੈ: ਰਾਹੁਲ ਗਾਂਧੀ
ਕਾਂਗਰਸ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਦਿੱਤੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਦਾਦੀ ਨੇ ਉਨ੍ਹਾਂ ਨੂੰ ਭਾਰਤ ਲਈ ਨਿਡਰ ਫੈਸਲੇ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪਾਰਟੀ ਮੁਖੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਇੱਥੇ ਸ਼ਕਤੀ ਸਥਲ ਸਥਿਤ ਇੰਦਰਾ ਗਾਂਧੀ ਦੇ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।
ਇਸ ਮੌਕੇ ਰਾਹੁਲ ਗਾਂਧੀ ਨੇ 'ਐਕਸ' (X) 'ਤੇ ਇੱਕ ਹਿੰਦੀ ਪੋਸਟ ਵਿੱਚ, ਉਨ੍ਹਾਂ ਕਿਹਾ, "ਮੈਨੂੰ ਆਪਣੀ ਦਾਦੀ ਤੋਂ ਭਾਰਤ ਲਈ ਨਿਡਰ ਫੈਸਲੇ ਲੈਣ ਅਤੇ ਹਰ ਸਥਿਤੀ ਵਿੱਚ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇਣ ਦੀ ਪ੍ਰੇਰਨਾ ਮਿਲੀ ਹੈ।"
ਖੜਗੇ ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇੰਦਰਾ ਗਾਂਧੀ ਦੀ ਮਿਸਾਲੀ ਅਤੇ ਗਤੀਸ਼ੀਲ ਲੀਡਰਸ਼ਿਪ, ਜਿਸ ਨੇ ਅਥਾਹ ਰਾਜਨੀਤਿਕ ਹਿੰਮਤ ਦਿਖਾਈ, ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ, "ਜਨਤਕ ਸੇਵਾ ਪ੍ਰਤੀ ਉਨ੍ਹਾਂ ਦਾ ਅਟੁੱਟ ਸੰਕਲਪ ਅਤੇ ਉਮਰ ਭਰ ਦੇ ਸਮਰਪਣ ਨੇ ਭਾਰਤ ਦੀ ਤਰੱਕੀ ਦੀ ਯਾਤਰਾ 'ਤੇ ਇੱਕ ਅਮਿੱਟ ਛਾਪ ਛੱਡੀ ਹੈ। ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਉਨ੍ਹਾਂ ਦਾ ਅੰਤਮ ਬਲੀਦਾਨ ਲੱਖਾਂ ਸਲਾਮ ਦਾ ਹੱਕਦਾਰ ਹੈ।"
ਪਾਰਟੀ ਨੇ ਕਿਹਾ ਕਿ ਇੱਕ ਅਟੁੱਟ ਸੰਕਲਪ ਅਤੇ ਦਲੇਰਾਨਾ ਅਗਵਾਈ ਸਦਕਾ ਇੰਦਰਾ ਗਾਂਧੀ ਨੇ ਸਫਲਤਾਪੂਰਵਕ ਭਾਰਤ ਦੀ ਖੇਤੀਬਾੜੀ ਸਵੈ-ਨਿਰਭਰਤਾ (ਹਰੀ ਕ੍ਰਾਂਤੀ) ਯਕੀਨੀ ਬਣਾਈ, ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਰਾਸ਼ਟਰ ਦੇ ਹਿੱਤਾਂ ਦੀ ਰਾਖੀ ਲਈ ਵਿਸ਼ਵ ਸ਼ਕਤੀਆਂ ਨੂੰ ਚੁਣੌਤੀ ਦਿੱਤੀ।
19 ਨਵੰਬਰ 1917 ਨੂੰ ਜਨਮੀ ਇੰਦਰਾ ਗਾਂਧੀ ਨੇ 1966 ਤੋਂ 1977 ਤੱਕ ਅਤੇ ਫਿਰ 1980 ਤੋਂ ਲੈ ਕੇ 31 ਅਕਤੂਬਰ, 1984 ਨੂੰ ਆਪਣੀ ਹੱਤਿਆ ਹੋਣ ਤੱਕ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।

