ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ’ਤੇ ਉਨ੍ਹਾਂ ਦੀ ਟਿੱਪਣੀ ਲਈ ਨਿਸ਼ਾਨਾ ਸੇਧਦਿਆਂ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀ ਧਰਮ ਦੇ ਨਾਮ ’ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਣਯੋਗ ਹੈ ਕਿ ਰੈੱਡੀ ਨੇ ਕਿਹਾ ਸੀ, ‘‘ਕਾਂਗਰਸ ਮਤਲਬ ਮੁਸਲਮਾਨ।’’
ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦਿਨ ਔਰੰਗਾਬਾਦ ਤੇ ਸਾਸਾਰਾਮ ਵਿੱਚ ਇਕ ਤੋਂ ਇਕ ਬਾਅਦ ਰੈਲੀਆਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ ਧਰਮ ਤੇ ਜਾਤੀ ਦੇ ਨਾਮ ’ਤੇ ਲੋਕਾਂ ਨੂੰ ਵੰਡਦਾ ਨਹੀਂ ਕਿਉਂਕਿ ਇਹ ਮਨੁੱਖਤਾ ਦੀ ਸਿਆਸਤ ਵਿੱਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਕਿਹਾ, ‘‘ਕੀ ਤੁਸੀਂ ਸੁਣਿਆ ਹੈ ਕਿ ਤਿਲੰਗਾਨਾ ਦੇ ਮੁੱਖ ਮੰਤਰੀ ਕੀ ਕਹਿ ਰਹੇ ਹਨ? ਉਹ ਕਹਿੰਦੇ ਹਨ ਕਿ ‘ਕਾਂਗਰਸ ਦਾ ਮਤਲਬ ਮੁਸਲਮਾਨ ਅਤੇ ਮੁਸਲਮਾਨ ਦਾ ਮਤਲਬ ਕਾਂਗਰਸ’। ਇਹ ਬਿਆਨ ਦੇਸ਼ ਨੂੰ ਵੰਡਣ ਦੇ ਮਕਸਦ ਨਾਲ ਦਿੱਤਾ ਗਿਆ ਹੈ।’’
ਉਨ੍ਹਾਂ ਦੋਸ਼ ਲਗਾਇਆ, ‘‘ਕਾਂਗਰਸ ਤੇ ਆਰ ਜੇ ਡੀ ਆਪਣੀ ਤੁਸ਼ਟੀਕਰਨ ਦੀ ਸਿਆਸਤ ਕਾਰਨ ਐੱਨ ਡੀ ਏ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੋਵੇਂ ਜਾਤੀ ਤੇ ਧਰਮ ਦੇ ਆਧਾਰ ’ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਚੋਣਾਂ ਚੰਗੇ ਸ਼ਾਸਨ ਅਤੇ ‘ਜੰਗਲ ਰਾਜ’ ਦਰਮਿਆਨ ਲੜਾਈ ਹੈ। ਉਹ ਲੋਕ ਜਿਨ੍ਹਾਂ ਨੇ ਬਿਹਾਰ ਨੂੰ ਜਾਤੀਵਾਦ ਦੇ ਸੰਘਰਸ਼ ਤੇ ਕਤਲੇਆਮ ਵਿੱਚ ਧੱਕਿਆ ਸੀ, ਉਹੀ ਹੁਣ ਵੋਟਾਂ ਮੰਗ ਰਹੇ ਹਨ। ਲੋਕਾਂ ਨੂੰ ਅਜਿਹੀਆਂ ਤਾਕਤਾਂ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ।’’

