ਔਖੇ ਕੰਮਾਂ ਨੂੰ ਛੱਡ ਦੇਣਾ ਕਾਂਗਰਸ ਦੀ ਪੱਕੀ ਆਦਤ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਦੀ ਪੱਕੀ ਆਦਤ ਹੈ ਕਿ ਉਹ ਕਿਸੇ ਵੀ ਔਖੇ ਵਿਕਾਸ ਕਾਰਜ ਨੂੰ ਛੱਡ ਦਿੰਦੇ ਹਨ ਅਤੇ ਇਸ ਨਾਲ ਉੱਤਰ-ਪੂਰਬ ਨੂੰ ਕਾਫ਼ੀ ਨੁਕਸਾਨ ਹੋਇਆ ਹੈ।
ਈਟਾਨਗਰ ਦੇ ਇੰਦਰਾ ਗਾਂਧੀ ਪਾਰਕ ਵਿੱਚ 5,100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉੱਤਰ-ਪੂਰਬ ਦਾ ਵਿਕਾਸ ਦਿੱਲੀ ਤੋਂ ਨਹੀਂ ਕੀਤਾ ਜਾ ਸਕਦਾ, ਇਸ ਲਈ ਉਨ੍ਹਾਂ ਨੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਇਸ ਖੇਤਰ ਵਿੱਚ ਜ਼ਿਆਦਾ ਭੇਜਿਆ ਅਤੇ ਉਹ ਖੁਦ ਵੀ ਇੱਥੇ 70 ਤੋਂ ਵੱਧ ਵਾਰ ਆਏ ਹਨ।
ਉਨ੍ਹਾਂ ਦਾਅਵਾ ਕੀਤਾ, ‘‘ਕਾਂਗਰਸ ਦੀ ਇੱਕ ਆਦਤ ਹੈ ਕਿ ਉਹ ਕਦੇ ਵੀ ਅਜਿਹੇ ਵਿਕਾਸ ਕਾਰਜ ਨਹੀਂ ਕਰਦੀ, ਜੋ ਕਰਨੇ ਔਖੇ ਹੁੰਦੇ ਹਨ, ਉਹ ਉਨ੍ਹਾਂ ਨੂੰ ਛੱਡ ਦਿੰਦੀ ਹੈ। ਕਾਂਗਰਸ ਦੀ ਇਸ ਆਦਤ ਨੇ ਅਰੁਣਾਚਲ ਪ੍ਰਦੇਸ਼ ਅਤੇ ਪੂਰੇ ਉੱਤਰ-ਪੂਰਬ ਨੂੰ ਬਹੁਤ ਨੁਕਸਾਨ ਪਹੁੰਚਾਇਆ। ਕਾਂਗਰਸ ਉਨ੍ਹਾਂ ਖੇਤਰਾਂ ਨੂੰ ਪਛੜਿਆ ਐਲਾਨ ਕੇ ਭੁੱਲ ਗਈ ਜਿੱਥੇ ਵਿਕਾਸ ਦਾ ਕੰਮ ਚੁਣੌਤੀਪੂਰਨ ਸੀ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਰਾਤਰਿਆਂ ਦੇ ਪਹਿਲੇ ਦਿਨ ਜੀਐੱਸਟੀ ਸੁਧਾਰਾਂ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਇਸ ਤਿਉਹਾਰਾਂ ਦੇ ਸੀਜ਼ਨ ਵਿੱਚ ਦੋਹਰੀ ਖੁਸ਼ੀ ਮਿਲੇਗੀ।
ਉਨ੍ਹਾਂ ਕਿਹਾ, ‘‘ਅੱਜ, ਜੀਐੱਸਟੀ ਸੁਧਾਰਾਂ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ ਅਤੇ ਜੀਐਸਟੀ ‘ਬਚਤ ਉਤਸਵ’ ਸ਼ੁਰੂ ਹੋ ਗਿਆ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ, ਲੋਕਾਂ ਨੂੰ ਇੱਕ ਡਬਲ ਬੋਨਾਂਜ਼ਾ ਮਿਲਿਆ ਹੈ।’’ ਉਨ੍ਹਾਂ ਕਿਹਾ ਕਿ ਜੀਐੱਸਟੀ ਸੁਧਾਰਾਂ ਨਾਲ ਰਸੋਈ ਦਾ ਬਜਟ ਘਟੇਗਾ, ਜਿਸ ਨਾਲ ਘਰੇਲੂ ਔਰਤਾਂ ਨੂੰ ਰਾਹਤ ਮਿਲੇਗੀ।’’