ਰਾਜ ਦਾ ਦਰਜਾ ਬਹਾਲ ਕਰਵਾਉਣ ਲਈ ਕਾਂਗਰਸ ਵੱਲੋਂ ਜੰਮੂ ’ਚ ਭੁੱਖ ਹੜਤਾਲ ਸ਼ੁਰੂ
ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਨੇ ਅੱਜ ਕੇਂਦਰ ਸ਼ਾਸਤ ਪ੍ਰਦੇਸ਼ ਦਾ ਰਾਜ ਦਾ ਦਰਜਾ ਬਹਾਲ ਕਰਵਾਉਣ ਲਈ ‘ਹਮਾਰੀ ਰਿਆਸਤ ਹਮਾਰਾ ਹੱਕ’ ਮੁਹਿੰਮ ਤਹਿਤ ਪੜਾਅਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਕਰਾ ਦੀ ਅਗਵਾਈ ਹੇਠ ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਦਰਜਨਾਂ ਪਾਰਟੀ ਆਗੂਆਂ ਤੇ ਵਰਕਰਾਂ ਨੇ ਤਵੀ ਪੁਲ ’ਤੇ ਆਖਰੀ ਡੋਗਰਾ ਸ਼ਾਸਕ ਮਹਾਰਾਜਾ ਹਰੀ ਸਿੰਘ ਦੀ ਮੂਰਤੀ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ।
ਕਰਾ ਨੇ ਮਹਾਰਾਜਾ ਹਰੀ ਸਿੰਘ ਦੀ ਮੂਰਤੀ ’ਤੇ ਫੁੱਲ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਪੜਾਅਵਾਰ ਭੁੱਖ ਹੜਤਾਲ ਸ਼ਨਿਚਰਵਾਰ ਨੂੰ ਸ੍ਰੀਨਗਰ ਅਤੇ ਜੰਮੂ ਵਿੱਚ ਇੱਕੋ ਸਮੇਂ ਸ਼ੁਰੂ ਹੋਣੀ ਸੀ ਪਰ ਰੱਖੜੀ ਦੇ ਤਿਉਹਾਰ ਕਾਰਨ ਜੰਮੂ ਵਿੱਚ ਇਹ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਗਈ।’ ਹਾਲਾਂਕਿ ਉਨ੍ਹਾਂ ਕਿਹਾ ਕਿ ਭੁੱਖ ਹੜਤਾਲ ਦਾ ਸਥਾਨ ਰੈਜ਼ੀਡੈਂਸੀ ਰੋਡ ’ਤੇ ਸ਼ਹੀਦ ਚੌਕ ਸਥਿਤ ਪਾਰਟੀ ਹੈੱਡਕੁਆਰਟਰ ਨੇੜੇ ਤਬਦੀਲ ਕਰ ਦਿੱਤਾ ਜਾਵੇਗਾ ਕਿਉਂਕਿ ਪ੍ਰਸ਼ਾਸਨ ਨੇ ਇੱਥੇ ਵੱਡਾ ਟੈਂਟ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਸ੍ਰੀਨਗਰ ਵਿੱਚ ਪੜਾਅਵਾਰ ਭੁੱਖ ਹੜਤਾਲ ਤੈਅ ਪ੍ਰੋਗਰਾਮ ਅਨੁਸਾਰ 9 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ 15 ਤੇ 16 ਅਗਸਤ ਨੂੰ ਛੱਡ ਕੇ 21 ਅਗਸਤ ਤੱਕ ਜਾਰੀ ਰਹੇਗੀ। ਭੁੱਖ ਹੜਤਾਲ ਵਿੱਚ ਪਾਰਟੀ ਦੇ ਜੰਮੂ-ਕਸ਼ਮੀਰ ਇਕਾਈ ਦੇ ਕਾਰਜਕਾਰੀ ਪ੍ਰਧਾਨ ਰਮਨ ਭੱਲਾ, ਸਾਬਕਾ ਮੰਤਰੀ ਚੌਧਰੀ ਲਾਲ ਸਿੰਘ, ਯੋਗੇਸ਼ ਸਾਹਨੀ ਅਤੇ ਗੁਲਾਮ ਮੁਹੰਮਦ ਸਰੂਰੀ, ਏਆਈਸੀਸੀ ਸਕੱਤਰ ਮੁਹੰਮਦ ਸ਼ਾਹਨਵਾਜ਼ ਚੌਧਰੀ, ਸਾਬਕਾ ਵਿਧਾਇਕ ਅਤੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ, ਵਿਧਾਨ ਸਭਾ ਦੇ ਮੈਂਬਰ ਇਫਤਿਖਾਰ ਅਹਿਮਦ ਅਤੇ ਜ਼ਿਲ੍ਹਾ ਵਿਕਾਸ ਕੌਂਸਲਰ ਟੀਐੱਸ ਟੋਨੀ ਸ਼ਾਮਲ ਸਨ। ਉਨ੍ਹਾਂ ਕਿਹਾ, ‘ਭੁੱਖ ਹੜਤਾਲ ਦਾ ਉਦੇਸ਼ ਕਾਂਗਰਸ ਦੀ ਮੁਹਿੰਮ ਹੋਰ ਤੇਜ਼ ਕਰਨਾ ਹੈ। ਇਹ ਪਿਛਲੇ ਛੇ ਮਹੀਨਿਆਂ ਤੋਂ ਜੰਮੂ-ਕਸ਼ਮੀਰ ਦੇ ਸਾਰੇ 20 ਜ਼ਿਲ੍ਹਿਆਂ ਵਿੱਚ ਇਸ ਅੰਨ੍ਹੀ, ਬੋਲੀ ਅਤੇ ਗੂੰਗੀ ਸਰਕਾਰ ਨੂੰ ਜਗਾਉਣ ਲਈ ਚੱਲ ਰਹੀ ਹੈ।’ ਪੀਸੀਸੀ ਪ੍ਰਧਾਨ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ, ‘ਅਸੀਂ ਮਹਾਰਾਜਾ ਦੇ ਬੁੱਤ ਕੋਲ ਇਕੱਠੇ ਹੋਏ ਅਤੇ ਜੰਮੂ-ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਇਹ ਡੋਗਰਾ ਸ਼ਾਸਕਾਂ ਵੱਲੋਂ ਬਣਾਇਆ ਗਿਆ ਦੇਸ਼ ਦਾ ਸਭ ਤੋਂ ਵੱਡਾ ਰਾਜ ਸੀ।’