ਵਕਫ਼ ਕਾਨੂੰਨ ਦੀ ਆਲੋਚਕ ਕਾਂਗਰਸ ਤੇ ਹੋਰ ਪਾਰਟੀਆਂ ਮੁਸਲਿਮ ਵੋਟ ਬੈਂਕ ਬਣਾਈ ਰੱਖਣ ਦੀਆਂ ਇੱਛੁਕ: ਰਿਜਿਜੂ
ਸੁਪਰੀਮ ਕੋਰਟ ਨੇ ਮਈ ਮਹੀਨੇ ਵਕਫ਼ ਮਾਮਲੇ ’ਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਤਿੰਨ ਮੁੱਖ ਮੁੱਦਿਆਂ ’ਤੇ ਅੰਤਰਿਮ ਹੁਕਮ ਰਾਖਵਾਂ ਰੱਖ ਲਿਆ ਸੀ। ਰਿਜਿਜੂ ਨੇ ਕਿਹਾ ਕਿ ਕਿਉਂਕਿ ਮਾਮਲਾ ਸੁਪਰੀਮ ਕੋਰਟ ’ਚ ਪੈਂਡਿੰਗ ਹੈ, ਇਸ ਲਈ ਉਹ ਇਸ ’ਤੇ ਹਾਲੇ ਕੋਈ ਅਗਾਊਂ ਟਿੱਪਣੀ ਨਹੀਂ ਦੇਣਗੇ।
ਕੇਂਦਰੀ ਮੰਤਰੀ ਨੇ ਇੰਟਰਵਿਊ ’ਚ ਕਿਹਾ, ‘‘ਪਰ ਇੱਕ ਗੱਲ ਅਸੀਂ ਸਪੱਸ਼ਟ ਤੌਰ ਕਹਿਣਾ ਚਾਹੰਦੇ ਹਾਂ ਕਿ ਸੰਸਦ ਦਾ ਕੰਮ ਕਾਨੂੰਨ ਬਣਾਉਣਾ ਹੈ। ਸੁਪਰੀਮ ਕੋਰਟ ਨਿਸ਼ਚਿਤ ਤੌਰ ’ਤੇ ਉਸ ਦੀ ਸਹੀ ਵਿਆਖਿਆ ਕਰ ਸਕਦੀ ਹੈ।’’ ਰਿਜਿਜੂ ਮੁਤਾਬਕ, ‘‘ਸਾਨੂੰ ਪੂਰਾ ਯਕੀਨ ਹੈ ਕਿ ਜੋ ਕੁਝ ਅਸੀਂ ਕੀਤਾ ਹੈ, ਉਹ ਕਾਨੂੰਨ, ਸੰਵਿਧਾਨ ਦੇ ਪ੍ਰਬੰਧਾਂ ਤੇ ਉਸ ਦੀ ਭਾਵਨਾ ਦੇ ਅਨੁਸਾਰ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸੰਸਦ ਦੀ ਭੂਮਿਕਾ ਨੂੰ ਕੋਈ ਨਹੀਂ ਖੋਹ ਸਕਦਾ।’’ ਏਆਈਐੱਮਆਈਐੱਮ ਮੁਖੀ ਅਸਦਉਦਦੀਨ ਓਵਾਇਸੀ ਵੱਲੋਂ ਨਵੇਂ ਵਕਫ਼ ਕਾਨੂੰਨ ਦੀ ਆਲੋਚਨਾ ਕਰਨ ’ਤੇ ਉਨ੍ਹਾਂ ਕਿਹਾ, ‘‘ਮੈਂ ਓਵਾਇਸੀ ਦੀ ਆਲੋਚਨਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਨ੍ਹਾਂ ਨੇ ਵਕਫ਼ (ਸੋਧ) ਕਾਨੂੰਨ ਦਾ ਵਿਰੋਧ ਮਜਬੂਰੀ ਵਿੱਚ ਕੀਤਾ ਹੈ।’’
ਮੰਤਰੀ ਨੇ ਆਖਿਆ, ‘‘ਮੁੱਖ ਸਮੱਸਿਆ ਉਹੀ ਹੈ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ। ਕਾਂਗਰਸ ਸਣੇ ਹੋਰ ਪਾਰਟੀਆਂ ਦੇ ਆਗੂਆਂ ਨੇ ਮੁਸਲਮਾਨਾਂ ਨੂੰ ਵੋਟ ਬੈਂਕ ਵਾਂਗ ਸਮਝਿਆ ਹੈ। ਜਦੋਂ ਤੁਸੀਂ ਕਿਸੇ ਭਾਈਚਾਰੇ ਨੂੰ ਵੋਟ ਬੈਂਕ ਬਣਾਉਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਤਰਕਹੀਣ ਹੋ ਜਾਂਦੇ ਹੋ।’’