ਪੰਜਾਬਣ ’ਤੇ ‘ਨਸਲੀ’ ਹਮਲੇ ਮਗਰੋਂ ਭਾਈਚਾਰਾ ਚਿੰਤਤ
ਯੂ ਕੇ ਦੀ ਗ੍ਰਹਿ ਮੰਤਰੀ ਨੇ ਘਟਨਾ ਨੂੰ ਭਿਆਨਕ ਅਪਰਾਧ ਕਰਾਰ ਦਿੱਤਾ; ਪੀਡ਼ਤ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾੲੀ
ਵਾਲਸਾਲ ਦੇ ਸ਼ਾਂਤ ਅਤੇ ਹਰੇ-ਭਰੇ ਪਾਰਕ ਹਾਲ ਇਲਾਕੇ ਦੇ ਵਸਨੀਕ ਪਿਛਲੇ ਹਫ਼ਤੇ ਭਾਰਤੀ ਮੂਲ ਦੀ ਮੁਟਿਆਰ ’ਤੇ ‘ਨਸਲੀ’ ਹਮਲੇ ਦੌਰਾਨ ਜਬਰ-ਜਨਾਹ ਦੀ ਘਟਨਾ ਕਾਰਨ ਸਦਮੇ ਵਿੱਚ ਹਨ। ਲਗਪਗ 20 ਸਾਲ ਦੀ ਮੁਟਿਆਰ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ 32 ਸਾਲਾ ਸ਼ਖ਼ਸ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਹੈ ਅਤੇ ਵੈਸਟ ਮਿੱਡਲੈਂਡਜ਼ ਪੁਲੀਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਵਾਲਸਾਲ ਵਿੱਚ ਵਾਪਰੀ ਨਸਲ ਦੇ ਆਧਾਰ ’ਤੇ ਜਬਰ-ਜਨਾਹ ਦੀ ਘਟਨਾ ਭਿਆਨਕ ਅਪਰਾਧ ਹੈ। ਮੇਰੀ ਹਮਦਰਦੀ ਪੀੜਤ ਅਤੇ ਉਸ ਦੇ ਪਰਿਵਾਰ ਨਾਲ ਹੈ। ਮੈਨੂੰ ਪਤਾ ਹੈ ਕਿ ਸਥਾਨਕ ਸਿੱਖ ਭਾਈਚਾਰੇ ਨੂੰ ਕਿੰਨਾ ਡਰ ਮਹਿਸੂਸ ਹੋ ਰਿਹਾ ਹੋਵੇਗਾ, ਮੈਂ ਪੁਲੀਸ ਅਤੇ ਸਥਾਨਕ ਆਗੂਆਂ ਤੋਂ ਇਹ ਭਰੋਸਾ ਲਿਆ ਹੈ ਕਿ ਉਹ ਇਸ ਅਪਰਾਧ ਤੋਂ ਪ੍ਰਭਾਵਿਤ ਹਰ ਕਿਸੇ ਦੀ ਮਦਦ ਲਈ ਸੰਭਵ ਯਤਨ ਕਰਨਗੇ। ਮੈਂ ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਅੱਗੇ ਆਉਣ ਅਤੇ ਜਿੰਨੀ ਛੇਤੀ ਹੋ ਸਕੇ ਵੈਸਟ ਮਿਡਲੈਂਡਜ਼ ਪੁਲੀਸ ਨਾਲ ਸੰਪਰਕ ਕਰਨ।’’ ਵਾਲਸਾਲ ਦੇ ਸਥਾਨਕ ਕੌਂਸਲਰਾਂ ਨੇ ਸੋਮਵਾਰ ਨੂੰ ਪੁਲੀਸ ਨਾਲ ਮੀਟਿੰਗ ਕੀਤੀ ਜਿਸ ਵਿੱਚ ਜਾਂਚ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਗਈ। ਕੌਂਸਲਰ ਰਾਮ ਕੇ ਮਹਿਮੀ ਨੇ ਕਿਹਾ, ‘‘ਮੈਂ ਸਦਮੇ ਵਿੱਚ ਹਾਂ ਤੇ ਨਿਰਾਸ਼ ਹਾਂ ਕਿਉਂਕਿ ਜੋ ਕੁਝ ਇਸ ਮੁਟਿਆਰ ਨਾਲ ਹੋਇਆ, ਉਹ ਸਹਿਣ ਨਹੀਂ ਕੀਤਾ ਜਾ ਸਕਦਾ।’’ ਉਨ੍ਹਾਂ ਕਿਹਾ ਕਿ ਸਥਾਨਕ ਭਾਈਚਾਰਾ ਚਿੰਤਤ ਹੈ ਕਿਉਂਕਿ ਪੱਛਮੀ ਮਿੱਡਲੈਂਡਜ਼ ਵਿੱਚ ਇਹ ਦੂਜਾ ‘ਨਸਲੀ’ ਹਮਲਾ ਹੈ। ਭਾਰਤੀ ਮੂਲ ਦੇ ਕੌਂਸਲਰ ਰਾਮ ਕੇ ਮਹਿਮੀ, ਡਾਰਲਾਸਟਨ ਵਿੱਚ ਸਥਾਨਕ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਮੋਢੀ ਟਰੱਸਟੀ ਹੈ। ਲੇਬਰ ਪਾਰਟੀ ਦੀ ਬਰਤਾਨਵੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਪ੍ਰੀਤ ਕੌਰ ਗਿੱਲ ਨੇ ਕਿਹਾ, ‘‘ਸਾਡੇ ਖਿੱਤੇ ਵਿੱਚ ਔਰਤਾਂ ਖ਼ਿਲਾਫ਼ ਵਾਰ-ਵਾਰ ਹਿੰਸਾ ਹੋਣਾ ਬਹੁਤ ਹੀ ਚਿੰਤਾਜਨਕ ਹੈ।’’

