ਦਿਵਿਆਂਗਾਂ ਖ਼ਿਲਾਫ਼ ਟਿੱਪਣੀ: ਸਮਯ ਰੈਨਾ ਤੇ ਹੋਰ ਇਨਫਲੂਐਂਸਰ ਸੁਪਰੀਮ ਕੋਰਟ ’ਚ ਪੇਸ਼
ਦਿਵਿਆਂਗ ਲੋਕਾਂ ਦਾ ਮਜ਼ਾਕ ਉਡਾਉਣ ਦੇ ਦੋਸ਼ ਹੇਠ ਕਾਰਵਾਈ ਦੀ ਮੰਗ ਲਈ ਦਰਜ ਮਾਮਲੇ ’ਚ ‘ਇੰਡੀਆਜ਼ ਗੌਟ ਟੇਲੈਂਟ’ ਦੇ ਮੇਜ਼ਬਾਨ ਸਮਯ ਰੈਨਾ ਸਣੇ ਪੰਜ ਸੋਸ਼ਲ ਮੀਡੀਆ ਇਨਫਲੂਐਂਸਰ ਅੱਜ ਸੁਪਰੀਮ ਕੋਰਟ ’ਚ ਪੇਸ਼ ਹੋਏ। ਇਸੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਸਮਯ ਰੈਨਾ ਅੱਜ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਸਾਹਮਣੇ ਵੀ ਪੇਸ਼ ਹੋਇਆ ਤੇ ਅਧਿਕਾਰੀਆਂ ਕੋਲ ਆਪਣੇ ਬਿਆਨ ਦਰਜ ਕਰਵਾਏ। ਅਧਿਕਾਰੀਆਂ ਨੇ ਕਿਹਾ ਕਿ ਜਵਾਬ ਦੇ ਮੁਲਾਂਕਣ ਮਗਰੋਂ ਅਗਲਾ ਕਦਮ ਚੁੱਕਿਆ ਜਾਵੇਗਾ।
ਸੁਪਰੀਮ ਕੋਰਟ ਨੇ 5 ਮਈ ਨੂੰ ਪੰਜ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਅਦਾਲਤ ’ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਅਦਾਲਤ ਨੇ ਸਮਯ ਰੈਨਾ ਤੋਂ ਇਲਾਵਾ ਚਾਰ ਹੋਰ ਇਨਫਲੂਐਂਸਰਾਂ ਵਿਪੁਲ ਗੋਇਲ, ਬਲਰਾਜ ਪਰਮਜੀਤ ਸਿੰਘ ਘਈ, ਸੋਨਾਲੀ ਠੱਕਰ ਉਰਫ਼ ਸੋਨਾਲੀ ਆਦਿੱਤਿਆ ਦੇਸਾਈ ਤੇ ਨਿਸ਼ਾਂਤ ਜਗਦੀਸ਼ ਤੰਵਰ ਨੂੰ ਨੋਟਿਸ ਜਾਰੀ ਕੀਤਾ ਸੀ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ. ਬਾਗਚੀ ਦੇ ਬੈਂਚ ਨੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੀ ਹਾਜ਼ਰੀ ਦਰਜ ਕੀਤੀ ਅਤੇ ਉਨ੍ਹਾਂ ਨੂੰ ਪਟੀਸ਼ਨ ਦੇ ਸਬੰਧ ’ਚ ਦੋ ਹਫ਼ਤਿਆਂ ’ਚ ਜਵਾਬ ਦਾਖਲ ਕਰਨ ਦੀ ਹਦਾਇਤ ਕੀਤੀ। ਇਨ੍ਹਾਂ ਇਨਫਲੂਐਂਸਰਾਂ ’ਤੇ ਦਿਵਿਆਂਗਾਂ ਅਤੇ ਸਪਾਈਨਲ ਮਸਕੁਲਰ ਐਟਰੌਫ਼ੀ (ਐੱਸਐੱਮਏ) ਤੇ ਅੰਨ੍ਹੇਪਣ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਉਣ ਦਾ ਦੋਸ਼ ਹੈ। ਅਦਾਲਤ ਨੇ ਇਨ੍ਹਾਂ ਇਨਫਲੂਐਂਸਰਾਂ ਨੂੰ ਅਗਲੀ ਸੁਣਵਾਈ ’ਤੇ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।