ਡਿੰਪਲ ਯਾਦਵ ਬਾਰੇ ਟਿੱਪਣੀ: ਨਿਊਜ਼ ਚੈਨਲ ਦੀ ਸ਼ਿਕਾਇਤ ’ਤੇ 3 ਸਪਾ ਵਰਕਰਾਂ ਅਤੇ ਮੌਲਵੀ ਵਿਰੁੱਧ FIR ਦਰਜ
ਨੋਇਡਾ ਦੇ ਇੱਕ ਨਿਊਜ਼ ਚੈਨਲ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਤਿੰਨ ਵਰਕਰਾਂ ਅਤੇ ਇੱਕ ਮੁਸਲਿਮ ਮੌਲਵੀ ਵਿਰੁੱਧ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਮੰਗਲਵਾਰ ਨੂੰ ਮੌਲਾਨਾ ਸਾਜਿਦ ਰਸ਼ਿਦੀ ਨੂੰ ਸੰਸਦ ਮੈਂਬਰ ਡਿੰਪਲ ਯਾਦਵ ਵਿਰੁੱਧ ਟਿੱਪਣੀ ਕਰਨ ’ਤੇ ਸਪਾ ਵਰਕਰਾਂ ਨੇ ਸਟੂਡੀਓ ਦੇ ਅੰਦਰ ਥੱਪੜ ਮਾਰਿਆ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਨੇ ਇਸ ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਕਾਰੇ ਦੀ ਜ਼ਿੰਮੇਵਾਰੀ ਵੀ ਲਈ।
ਨੋਇਡਾ ਸੈਕਟਰ 126 ਥਾਣੇ ਦੇ ਇੰਚਾਰਜ ਭੁਪੇਂਦਰ ਸਿੰਘ ਨੇ ਦੱਸਿਆ ਕਿ ਨਿਊਜ਼ ਚੈਨਲ ਦੀ ਸ਼ਿਕਾਇਤ ’ਤੇ ਰਸ਼ਿਦੀ ਅਤੇ ਤਿੰਨ ਸਪਾ ਵਰਕਰਾਂ - ਸ਼ਿਆਮ ਸਿੰਘ, ਮੋਹਿਤ ਅਤੇ ਕੁਲਦੀਪ ਭਾਟੀ - ਵਿਰੁੱਧ ਬੀਐਨਐਸ (ਭਾਰਤੀ ਨਿਆਇ ਸੰਹਿਤਾ) ਦੀਆਂ ਧਾਰਾਵਾਂ 115(2) (ਜਾਣਬੁੱਝ ਕੇ ਸੱਟ ਪਹੁੰਚਾਉਣਾ), 351(2) (ਅਪਰਾਧਿਕ ਧਮਕੀ) ਅਤੇ 352 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ ਕਰਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਰਸ਼ਿਦੀ ਨੇ ਪੀਟੀਆਈ ਨੂੰ ਦੱਸਿਆ, ‘‘ਮੇਰਾ ਮਕਸਦ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ, ਮੈਂ ਇਸਲਾਮਿਕ ਮਾਨਤਾਵਾਂ ਦੇ ਆਧਾਰ ’ਤੇ ਟਿੱਪਣੀ ਕੀਤੀ ਸੀ। ਜੇ ਮੈਂ ਕੋਈ ਗਲਤੀ ਕੀਤੀ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਨਾਲ ਅਜਿਹਾ ਸਲੂਕ ਕੀਤਾ ਜਾਵੇ।’’ ਮੌਲਾਨਾ ਨੇ ਕਿਹਾ, "ਮੇਰੀ ਟਿੱਪਣੀ ਨੂੰ ਸਿਆਸੀ ਰੰਗ ਦਿੱਤਾ ਗਿਆ ਅਤੇ ਇਸ ਕਾਰਨ ਸਿਆਸੀ ਡਰਾਮਾ ਬਣਾਇਆ ਗਿਆ ਹੈ। ਕਾਨੂੰਨ ਦਾ ਇੱਕ ਤਰੀਕਾ ਹੈ। ਮੈਂ ਵੀ ਆਪਣਾ ਸਪੱਸ਼ਟੀਕਰਨ ਦੇਵਾਂਗਾ ਅਤੇ ਜੋ ਕੁਝ ਵੀ ਮੈਂ ਕਿਹਾ ਸੀ, ਉਸ ਲਈ ਮੇਰੇ ਖਿਲਾਫ਼ ਲਖਨਊ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।"
ਰਸ਼ਿਦੀ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਵਟਸਐਪ ਅਤੇ ਸੋਸ਼ਲ ਮੀਡੀਆ ’ਤੇ ਧਮਕੀ ਭਰੇ ਸੰਦੇਸ਼ ਅਤੇ ਕਾਲਾਂ ਆ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ, “ਮੈਂ ਆਪਣੀ ਸੁਰੱਖਿਆ ਲਈ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀਸੀਪੀ) ਦਿੱਲੀ ਨੂੰ ਬੇਨਤੀ ਕੀਤੀ ਹੈ। ਮੈਂ ਉਨ੍ਹਾਂ ਤਿੰਨਾਂ ਖ਼ਿਲਾਫ਼ ਸੈਕਟਰ 126 ਥਾਣੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਹੈ।”
ਇਸ ਦੌਰਾਨ ਰਸ਼ਿਦੀ ਨੂੰ ਥੱਪੜ ਮਾਰਨ ਵਾਲੇ ਸਪਾ ਵਰਕਰ ਸ਼ਿਆਮ ਸਿੰਘ ਨੇ ਕਿਹਾ, ‘‘ਉਸਨੇ ਸੰਸਦ ਮੈਂਬਰ ਡਿੰਪਲ ਯਾਦਵ ਦਾ ਅਪਮਾਨ ਕੀਤਾ ਹੈ ਅਤੇ ਨਿਊਜ਼ ਬਹਿਸ ਪ੍ਰੋਗਰਾਮ ਵਿੱਚ ਵੀ ਉਸਨੇ ਉਨ੍ਹਾਂ 'ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਮੌਲਵੀ ਖਿਲਾਫ਼ ਗੌਤਮ ਬੁੱਧ ਨਗਰ ਦੇ ਸੂਰਜਪੁਰ ਥਾਣੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਹੈ।’’