ਕੌਲਿਜੀਅਮ ਵੱਲੋਂ ਤਿੰਨ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਸੁਪਰੀਮ ਕੋਰਟ ਵਿਚ ਨਿਯੁਕਤੀ ਲਈ ਸਿਫਾਰਸ਼
SC recommends CJs of Karnataka & Gauhati HCs, Bombay HC judge for elevation to top court
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 26 ਮਈ
ਸੁਪਰੀਮ ਕੋਰਟ ਕੌਲਿਜੀਅਮ ਨੇ ਸਿਖਰਲੀ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ ਐੱਨਵੀ ਅੰਜਾਰੀਆ, ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਵਿਜੈ ਬਿਸ਼ਨੋਈ ਤੇ ਬੰਬੇ ਹਾਈ ਕੋਰਟ ਦੇ ਜਸਟਿਸ ਅਤੁਲ ਐੱਸ.ਚੰਦੂਰਕਰ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ।
ਚੀਫ਼ ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੁਪਰੀਮ ਕੌਲਿਜੀਅਮ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਕੌਲਿਜੀਅਮ ਦੇ ਹੋਰਨਾਂ ਮੈਂਬਰਾਂ ਵਿਚ ਜਸਟਿਸ ਸੂਰਿਆ ਕਾਂਤ, ਜਸਟਿਸ ਵਿਕਰਮ ਨਾਥ, ਜਸਟਿਸ ਜੇਕੇ ਮਹੇਸ਼ਵਰੀ ਤੇ ਜਸਟਿਸ ਬੀਵੀ ਨਾਗਰਤਨਾ ਸ਼ਾਮਲ ਹਨ।
ਸਰਕਾਰ ਵੱਲੋਂ ਸਿਫਾਰਸ਼ਾਂ ਮੰਨਣ ਤੇ ਜੱਜਾਂ ਦੀ ਨਿਯੁਕਤੀ ਨੋਟੀਫਾਈ ਕੀਤੇ ਜਾਣ ਮਗਰੋਂ ਸੁਪਰੀਮ ਕੋਰਟ ਕੌਲਿਜੀਅਮ ਦੀ ਕੁੱਲ ਨਫ਼ਰੀ 34 ਜੱਜਾਂ ਦੀ ਹੋ ਜਾਵੇਗੀ। ਮੌਜੂਦਾ ਸਮੇਂ ਸਿਖਰਲੀ ਕੋਰਟ ਸੀਜੇਆਈ ਸਣੇ 34 ਜੱਜਾਂ ਦੀਆਂ ਮਨਜ਼ੂਰਸ਼ੁਦਾ ਪੋਸਟਾਂ ਦੇ ਉਲਟ 31 ਜੱਜਾਂ ਨਾਲ ਕੰਮ ਚਲਾ ਰਹੀ ਹੈ। ਹਾਲ ਹੀ ਵਿਚ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ, ਜਸਟਿਸ ਰਿਸ਼ੀਕੇਸ਼ ਰੌਏ ਤੇ ਜਸਟਿਸ ਅਭੈ ਐੱਸ.ਓਕਾ ਦੀ ਸੇਵਾਮੁਕਤੀ ਕਰਕੇ ਸਰਬਉੱਚ ਕੋਰਟ ਵਿਚ ਤਿੰਨ ਅਹੁਦੇ ਖਾਲੀ ਹਨ। ਜਸਟਿਸ ਬੇਲਾ ਐੱਮ.ਤ੍ਰਿਵੇਦੀ 9 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ।