ਪੰਜਾਬ ’ਚ ਠੰਢ ਨੇ ਜ਼ੋਰ ਫੜਿਆ; ਯੈਲੋ ਅਲਰਟ ਜਾਰੀ
4.5 ਡਿਗਰੀ ਸੈਲਸੀਅਸ ਨਾਲ ਫਰੀਦਕੋਟ ਅਤੇ ਗੁਰਦਾਸਪੁਰ ਰਹੇ ਸਭ ਤੋਂ ਠੰਢੇ
ਪੰਜਾਬ ਤੇ ਹਰਿਆਣਾ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਵੀ ਪਵੇਗੀ। ਅੱਜ ਪੰਜਾਬ ਦੇ ਫਰੀਦਕੋਟ ਅਤੇ ਗੁਰਦਾਸਪੁਰ ਸ਼ਹਿਰ ਸਭ ਤੋਂ ਠੰਢੇ ਰਹੇ, ਜਿੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਕੜਾਕੇ ਦੀ ਠੰਢ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਵੱਖ-ਵੱਖ ਸ਼ਹਿਰਾਂ ਦੇ ਤਾਪਮਾਨ ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 8.9 ਡਿਗਰੀ, ਅੰਮ੍ਰਿਤਸਰ ਵਿੱਚ 6.2 ਡਿਗਰੀ, ਲੁਧਿਆਣਾ ਵਿੱਚ 9 ਡਿਗਰੀ ਅਤੇ ਪਟਿਆਲਾ ਵਿੱਚ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਠਾਨਕੋਟ ਵਿੱਚ 6.5 ਡਿਗਰੀ, ਬਠਿੰਡਾ ਵਿੱਚ 7.3, ਨਵਾਂਸ਼ਹਿਰ ’ਚ 7.4, ਫਿਰੋਜ਼ਪੁਰ ’ਚ 7.5, ਹੁਸ਼ਿਆਰਪੁਰ ’ਚ 5.8, ਮਾਨਸਾ ’ਚ 9.8 ਅਤੇ ਰੋਪੜ ਵਿੱਚ 8.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਇਹ ਤਾਪਮਾਨ ਆਮ ਨਾਲੋਂ ਇੱਕ ਤੋਂ ਡੇਢ ਡਿਗਰੀ ਸੈਲਸੀਅਸ ਤੱਕ ਘੱਟ ਹੈ।
ਹਿਮਾਚਲ ਵਿੱਚ ਬਰਫਬਾਰੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਖੇਤਰਾਂ ਵਿੱਚ ਸੀਤ ਲਹਿਰ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਅੱਜ ਰੋਹਤਾਂਗ ਦੱਰੇ ਅਤੇ ਹੋਰ ਉੱਚੀਆਂ ਪਹਾੜੀਆਂ ’ਤੇ ਬਰਫ਼ਬਾਰੀ ਹੋਈ। ਖਰਾਬ ਮੌਸਮ ਕਾਰਨ ਮਨਾਲੀ-ਲੇਹ ਸੜਕ ਦਾਰਚਾ ਤੋਂ ਅੱਗੇ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਮੁਤਾਬਕ ਇਹ ਰਸਤਾ ਹੁਣ ਅਗਲੇ ਸਾਲ ਮਈ-ਜੂਨ ਵਿੱਚ ਖੁੱਲ੍ਹੇਗਾ। ਸੂਬੇ ਵਿੱਚ ਕੁਕੁਮਸੇਰੀ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ ਮਨਫ਼ੀ 6.2 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਬਿਲਾਸਪੁਰ ਅਤੇ ਮੰਡੀ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਹੈ। -ਪੀਟੀਆਈ

