ਕਸ਼ਮੀਰ ਵਾਦੀ ਵਿੱਚ ਠੰਢ ਜ਼ੋਰ ਫੜਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅਸਮਾਨ ਸਾਫ਼ ਰਹਿਣ ਕਾਰਨ ਰਾਤ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਸਿੱਟੇ ਵਜੋਂ ਵਾਦੀ ਵਿੱਚ ਕਈ ਥਾਈਂ ਪਾਰਾ ਮਨਫੀ ਤੋਂ ਹੇਠਾਂ ਚਲਾ ਗਿਆ ਹੈ। ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਵੀ ਸੰਘਣੀ ਧੁੰਦ ਪਈ।
ਦੱਖਣੀ ਕਸ਼ਮੀਰ ਦਾ ਸ਼ੋਪੀਆਂ ਕਸਬਾ ਪੂਰੀ ਵਾਦੀ ’ਚੋਂ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਧਾਨੀ ਸ੍ਰੀਨਗਰ ਵਿੱਚ ਬੀਤੀ ਰਾਤ ਇਸ ਸੀਜ਼ਨ ਦੀ ਦੂਜੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ। ਇੱਥੇ ਬੀਤੀ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 4.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਇੱਥੇ ਪਾਰਾ ਮਨਫ਼ੀ 4.5 ਡਿਗਰੀ ਤੱਕ ਡਿੱਗ ਗਿਆ ਸੀ, ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਸੀ।
ਕਾਜ਼ੀਗੁੰਡ ਵਿੱਚ ਵੀ ਠੰਢ ਦਾ ਜ਼ੋਰ ਹੈ, ਜਿੱਥੇ ਪਾਰਾ ਮਨਫ਼ੀ 3.0 ਡਿਗਰੀ ਸੈਲਸੀਅਸ ਰਿਹਾ। ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਤਾਪਮਾਨ ਮਨਫ਼ੀ 5.0 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸੈਲਾਨੀਆਂ ਦੀ ਪਹਿਲੀ ਪਸੰਦ ਪਹਿਲਗਾਮ ਵਿੱਚ ਵੀ ਕੜਾਕੇ ਦੀ ਠੰਢ ਹੈ, ਜਿੱਥੇ ਤਾਪਮਾਨ ਮਨਫ਼ੀ 5.6 ਡਿਗਰੀ ਰਿਹਾ ਜਦਕਿ ਗੁਲਮਰਗ ਵਿੱਚ ਇਹ ਮਨਫ਼ੀ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੋਕਰਨਾਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.2 ਡਿਗਰੀ ਰਿਹਾ। ਮੌਸਮ ਵਿਭਾਗ ਨੇ 10 ਦਸੰਬਰ ਤੱਕ ਕਸ਼ਮੀਰ ਵਿੱਚ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

