ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਚਾਂਦੀ ਦਾ ਸਿੱਕਾ ਜਾਰੀ ਕੀਤਾ। ਇਹ ਸਿੱਕਾ ਸਰਕਾਰੀ ਟਕਸਾਲ ਐੱਮ ਐੱਮ ਟੀ ਸੀ ਨੇ ਬਣਾ ਕੇ ਜਾਰੀ ਕੀਤਾ ਤੇ ਇਸ ਦਾ ਵਜ਼ਨ 20 ਗ੍ਰਾਮ ਹੈ ਅਤੇ ਅੱਜ ਦੇ ਚਾਂਦੀ ਦੇ ਭਾਅ ਦੇ ਹਿਸਾਬ ਨਾਲ ਇਸ ਦਾ ਮੁੱਲ 6000 ਰੁਪਏ ਹੈ।
ਸਿੱਕਾ ਜਾਰੀ ਕਰਨ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਵਿੰਗ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਮੌਜੂਦ ਸਨ। ਟਕਸਾਲ ਦੇ ਅਧਿਕਾਰੀਆਂ ਨੇ ਇਹ ਸਿੱਕੇ ਦਿਖਾਏ। ਸਿੱਕੇ ਉੱਪਰ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੀ ਤਸਵੀਰ ਉੱਕਰੀ ਹੋਈ ਹੈ। ਸ੍ਰੀ ਕਾਲਕਾ ਨੇ ਦੱਸਿਆ ਕਿ ਇਹ ਸਿੱਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਗਲਾ ਸਾਹਿਬ ਅਤੇ ਸੀਸਗੰਜ ਸਾਹਿਬ ਦੇ ਧਾਰਮਿਕ ਪੁਸਤਕ ਭੰਡਾਰਾਂ, ਸਰਕਾਰੀ ਅਦਾਰਿਆਂ ਅਤੇ ਬਾਜ਼ਾਰਾਂ ਦੇ ਅਹਿਮ ਸ਼ੋਅਰੂਮਾਂ ਤੋਂ ਵੀ ਮਿਲ ਸਕੇਗਾ। ਸ੍ਰੀ ਕਾਹਲੋਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਜੋ ਵੀ ਸ਼ਹੀਦੀ ਸ਼ਤਾਬਦੀਆਂ ਮਨਾਈਆਂ ਗਈਆਂ ਉਨ੍ਹਾਂ ਬਾਰੇ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ ਸਨ ਅਤੇ ਇਹ ਸਿੱਕਾ ਵੀ ਉਹ ਲੋਕਾਂ ਲਈ ਹੈ ਜੋ ਸ਼ਤਾਬਦੀਆਂ ਅਤੇ ਸਿੱਖ ਧਰਮ ਦੇ ਅਹਿਮ ਦਿਨਾਂ ਨਾਲ ਸਬੰਧਤ ਨਿਸ਼ਾਨੀਆਂ ਸਾਂਭਣਾ ਚਾਹੁੰਦੇ ਹਨ।

