ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਨੇ 1800 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ
Drugs valued at 1,800 crore dumped in sea off Gujarat seized
ਅਹਿਮਦਾਬਾਦ, 14 ਅਪਰੈਲ
ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਤੇ ਭਾਰਤੀ ਸਾਹਿਲੀ ਰੱਖਿਅਕਾਂ (ਇੰਡੀਅਨ ਕੋਸਟ ਗਾਰਡ) ਨੇ ਅਰਬ ਸਾਗਰ ਵਿਚ 1800 ਕਰੋੜ ਰੁਪਏ ਮੁੱਲ ਦਾ 300 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ, ਜੋ ਨਸ਼ਾ ਤਸਕਰਾਂ ਨੇ ਭੱਜਣ ਤੋਂ ਪਹਿਲਾਂ ਸਮੁੰਦਰ ਵਿਚ ਸੁੱਟ ਦਿੱਤਾ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਾਹਿਲੀ ਸੁਰੱਖਿਆ ਬਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਬਤ ਕੀਤੀ ਗਈ ਪਾਬੰਦੀਸ਼ੁਦਾ ਸਮੱਗਰੀ ‘ਮੇਥਮਫੇਟਾਮਾਇਨ’ ਹੋਣ ਦਾ ਸ਼ੱਕ ਹੈ ਤੇ ਇਸ ਨੂੰ ਅਗਲੇਰੀ ਜਾਂਚ ਲਈ ਏਟੀਐੱਸ ਨੂੰ ਸੌਂਪ ਦਿੱਤਾ ਹੈ। ਏਟੀਐੱਸ ਤੇ ਸਾਹਿਲੀ ਰੱਖਿਅਕਾਂ ਨੇ 12 ਤੇ 13 ਅਪਰੈਲ ਦੀ ਰਾਤ ਨੂੰ ਗੁਜਰਾਤ ਦੇ ਸਾਹਿਲ ਨਾਲ ਲੱਗਦੀ ਕੌਮਾਂਤਰੀ ਸਾਗਰੀ ਸਰਹੱਦੀ ਲਾਈਨ (ਆਈਐੱਮਬੀਐੱਲ) ਕੋਲ ਸਾਂਝੀ ਮੁਹਿੰਮ ਨੂੰ ਅੰਜਾਮ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਸਾਹਿਲੀ ਰੱਖਿਅਕਾਂ ਦਾ ਜਹਾਜ਼ ਆਉਂਦਾ ਦੇਖ ਕੇ ਤਸਕਰਾਂ ਨੇ ਨਸ਼ੀਲਾ ਪਦਾਰਥ ਸਮੁੰਦਰ ਵਿਚ ਸੁੱਟ ਦਿੱਤਾ ਤੇ ਆਈਐੱਮਬੀਐੱਲ ਵੱਲ ਭੱਜ ਗਏ। ਬਿਆਨ ਮੁਤਾਰਕ 1800 ਕਰੋੜ ਰੁਪਏ ਮੁੱਲ ਦੇ 300 ਕਿਲੋਗ੍ਰਾਮ ਤੋਂ ਵੱਧ ਦੇ ਨਸ਼ੀਲੇ ਪਦਾਰਥ ਕਬਜ਼ੇ ਵਿਚ ਲਏ ਗਏ ਹਨ। -ਪੀਟੀਆਈ

