ਬੱਦਲ ਫਟਣ ਦੀ ਘਟਨਾ: ਮ੍ਰਿਤਕਾਂ ਦੀ ਗਿਣਤੀ 60 ਹੋਈ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਚਸ਼ੋਤੀ ਵਿੱਚ ਬੱਦਲ ਫਟਣ ਕਾਰਨ ਹੋਈ ਤਬਾਹੀ ਮਗਰੋਂ ਅੱਜ ਲਗਾਤਾਰ ਤੀਜੇ ਦਿਨ ਬਚਾਅ ਕਾਰਜ ਜਾਰੀ ਰਹੇ। ਇਸ ਘਟਨਾ ਵਿੱਚ ਹੁਣ ਤੱਕ 60 ਜਣਿਆਂ ਦੀ ਮੌਤ ਅਤੇ 100 ਤੋਂ ਵੱਧ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਕਾਰ ਰਾਹੀਂ ਚਸ਼ੋਤੀ ਪਿੰਡ ਪਹੁੰਚੇ ਤੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਤੋਂ ਅਸੰਤੁਸ਼ਟ ਕੁੱਝ ਲੋਕਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੇ ਗੁੱਸੇ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਲਈ ਉਨ੍ਹਾਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਅਬਦੁੱਲਾ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦਿੱਤੇ ਜਾਣਗੇ, ਜਦੋਂਕਿ ਗੰਭੀਰ ਜ਼ਖ਼ਮੀਆਂ ਨੂੰ ਇੱਕ ਲੱਖ ਅਤੇ ਮਾਮੂਲੀ ਜ਼ਖ਼ਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਉਨ੍ਹਾਂ ਪੂਰੀ ਤਰ੍ਹਾਂ ਨੁਕਸਾਨੇ ਘਰਾਂ ਲਈ ਇੱਕ ਲੱਖ, ਕਾਫ਼ੀ ਜ਼ਿਆਦਾ ਨੁਕਸਾਨੇ ਘਰਾਂ ਲਈ 50,000 ਅਤੇ ਅੰਸ਼ਿਕ ਤੌਰ ’ਤੇ ਨੁਕਸਾਨੇ ਢਾਂਚੇ ਲਈ 25,000 ਰੁਪਏ ਦਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਪੀੜਤਾਂ ਦੀ ਹਰ ਸੰਭਵ ਮਦਦ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ ਨਾਲ ਸ਼ੁੱਕਰਵਾਰ ਦੇਰ ਰਾਤ ਆਫ਼ਤ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਪੁਲੀਸ, ਫੌਜ, ਕੌਮੀ ਆਫ਼ਤ ਰਾਹਤ ਬਲ (ਐੱਨਡੀਆਰਐੱਫ), ਸੂਬਾ ਆਫ਼ਤ ਰਾਹਤ ਬਲ (ਐੱਸਡੀਆਰਐੱਫ), ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ), ਸਥਾਨਕ ਪ੍ਰਸ਼ਾਸਨ ਅਤੇ ਸਥਾਨਕ ਵਾਲੰਟੀਅਰਾਂ ਵੱਲੋਂ ਉੱਚਾਈ ਵਾਲੇ ਖੇਤਰਾਂ ਵਿੱਚ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।
ਹੁਣ ਤੱਕ 46 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਮਗਰੋਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਦੌਰਾਨ 75 ਜਣਿਆਂ ਦੇ ਲਾਪਤਾ ਹੋਣ ਦੀ ਸੂਚਨਾ ਉਨ੍ਹਾਂ ਦੇ ਪਰਿਵਾਰਾਂ ਨੇ ਦਿੱਤੀ ਹੈ। ਸਥਾਨਕ ਲੋਕਾਂ ਅਤੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਚਾਨਕ ਆਏ ਹੜ੍ਹ ਵਿੱਚ ਸੈਂਕੜੇ ਲੋਕਾਂ ਦੇ ਵਹਿਣ ਅਤੇ ਵੱਡੇ ਪੱਥਰਾਂ, ਲੱਕੜਾਂ ਅਤੇ ਮਲਬੇ ਹੇਠ ਫਸ ਜਾਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਦੋ ਕਰਮਚਾਰੀ ਅਤੇ ਸਥਾਨਕ ਪੁਲੀਸ ਦਾ ਇੱਕ ਵਿਸ਼ੇਸ਼ ਪੁਲੀਸ ਅਧਿਕਾਰੀ (ਐੱਸਪੀਓ) ਸ਼ਾਮਲ ਹਨ।
ਨੁਕਸਾਨੇ ਘਰਾਂ ਦੀ ਮੁੜ ਉਸਾਰੀ ਯਕੀਨੀ ਬਣਾਵਾਂਗੇ: ਸਿਨਹਾ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਬੱਦਲ ਫਟਣ ਨਾਲ ਪ੍ਰਭਾਵਿਤ ਕਿਸ਼ਤਵਾੜ ਜ਼ਿਲ੍ਹੇ ਵਿੱਚ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਉਹ ਅਚਾਨਕ ਹੜ੍ਹ ਵਿੱਚ ਨੁਕਸਾਨੇ ਘਰਾਂ ਦੀ ਮੁੜ ਉਸਾਰੀ ਯਕੀਨੀ ਬਣਾਉਣਗੇ। ਉਪ ਰਾਜਪਾਲ ਨੇ ਕਿਹਾ ਕਿ ਉਹ ਕਿਸ਼ਤਵਾੜ ਦੇ ਚਸ਼ੋਤੀ ਪਿੰਡ ਵਿੱਚ ਅਚਾਨਕ ਹੜ੍ਹਾਂ ਵਿੱਚ ਨੁਕਸਾਨੇ ਘਰਾਂ ਦੀ ਮੁੜ ਉਸਾਰੀ ਯਕੀਨੀ ਬਣਾਉਣਗੇ। ਉਨ੍ਹਾਂ ‘ਐਕਸ’ ’ਤੇ ਪੋਸਟ ਵਿੱਚ ਕਿਹਾ, ‘‘ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਕਿਸ਼ਤਵਾੜ ਦੇ ਚਸ਼ੋਤੀ ਵਿੱਚ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਮੈਂ ਅਚਾਨਕ ਆਏ ਹੜ੍ਹ ਵਿੱਚ ਨੁਕਸਾਨੇ ਘਰਾਂ ਦੀ ਮੁੜ ਉਸਾਰੀ ਯਕੀਨੀ ਬਣਾਵਾਂਗਾ।’’
ਧਰਾਲੀ ਤੇ ਹਰਸਿਲ ’ਚ ਰਾਹਤ ਕਾਰਜ ਜਾਰੀ
ਉਤਰਕਾਸ਼ੀ: ਹੜ੍ਹ ਪ੍ਰਭਾਵਿਤ ਧਰਾਲੀ ਅਤੇ ਹਰਸਿਲ ਵਿੱਚ ਜਨ-ਜੀਵਨ ਲੀਹ ’ਤੇ ਲਿਆਉਣ ਲਈ ਯਤਨ ਅੱਜ ਵੀ ਜਾਰੀ ਰਹੇ। ਗੰਗੋਤਰੀ ਕੌਮੀ ਰਾਜਮਾਰਗ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਕਰਮਚਾਰੀ ਭਾਗੀਰਥੀ ਨਦੀ ਵਿੱਚ ਅਚਾਨਕ ਆਏ ਹੜ੍ਹ ਮਗਰੋਂ ਬਣੀ ਆਰਜ਼ੀ ਝੀਲ ਨੂੰ ਖ਼ਾਲੀ ਵਿੱਚ ਲੱਗੇ ਹੋਏ ਹਨ। ਇਨ੍ਹਾਂ ਕਰਮਚਾਰੀਆਂ ਨੇ ਦੱਸਿਆ ਕਿ ਝੀਲ ਦੇ ਪਾਣੀ ਦਾ ਪੱਧਰ ਘਟਣ ਲੱਗਿਆ ਹੈ, ਜੋ ਵਧੀਆ ਸੰਕੇਤ ਹੈ। ਵੱਡੇ ਪੱਥਰ, ਖੰਭੇ ਅਤੇ ਸੜਕਾਂ ਦੀ ਰੇਲਿੰਗ ਵਰਗੇ ਕਈ ਹਿੱਸੇ ਹਾਲੇ ਵੀ ਡੁੱਬੇ ਹੋਏ ਦਿਖਾਈ ਦੇ ਰਹੇ ਹਨ। ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦੋਵਾਂ ਥਾਵਾਂ ’ਤੇ ਸਾਂਝੀ ਰਸੋਈ ਅਤੇ ਮੈਡੀਕਲ ਕੈਂਪ ਸਥਾਪਤ ਕੀਤੇ ਗਏ ਹਨ। -ਪੀਟੀਆਈ