DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰਕਾਸ਼ੀ ਵਿੱਚ ਬੱਦਲ ਫਟਿਆ, ਚਾਰ ਮੌਤਾਂ

ਧਰਾਲੀ ਅਤੇ ਸੁੱਕੀ ਪਿੰਡਾਂ ਰਾਹੀਂ ਹੇਠਾਂ ਆਇਆ ਪਾਣੀ w ਫ਼ੌਜ ਦੇ 9 ਜਵਾਨਾਂ ਅਤੇ 60-70 ਆਮ ਨਾਗਰਿਕਾਂ ਦੀ ਭਾਲ ਜਾਰੀ w ਕਈ ਘਰ ਅਤੇ ਹੋਟਲ ਤਬਾਹ w ਐੱਸਡੀਆਰਐੱਫ, ਐੱਨਡੀਆਰਐੱਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਰਾਹਤ ਕਾਰਜਾਂ ’ਚ ਜੁਟੀਆਂ
  • fb
  • twitter
  • whatsapp
  • whatsapp
featured-img featured-img
ਬੱਦਲ ਫਟਣ ਤੋਂ ਬਾਅਦ ਧਰਾਲੀ ਦੀ ਤਬਾਹੀ ਦੀ ਝਲਕ । -ਫੋਟੋ: ਪੀਟੀਆਈ
Advertisement

ਉੱਤਰਕਾਸ਼ੀ ਵਿੱਚ ਗੰਗੋਤਰੀ ਜਾਣ ਵਾਲੇ ਰਸਤੇ ’ਤੇ ਧਰਾਲੀ ਪਿੰਡ ਨੇੜੇ ਬੱਦਲ ਫਟਣ ਕਰਕੇ ਅਚਾਨਕ ਹੜ੍ਹ ਆਉਣ ਕਾਰਨ ਕਈ ਘਰ ਤੇ ਹੋਟਲ ਪਾਣੀ ਵਿੱਚ ਵਹਿ ਗਏ, ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 60-70 ਵਿਅਕਤੀ ਲਾਪਤਾ ਹੋ ਗਏ। ਇਸ ਦੌਰਾਨ ਲੋਅਰ ਹਰਸਿਲ ਖੇਤਰ ਵਿਚਲੇ ਫ਼ੌਜੀ ਕੈਂਪ ’ਚੋਂ 9 ਜਵਾਨ ਵੀ ਪਾਣੀ ’ਚ ਵਹਿ ਗਏ। ਮੌਸਮ ਵਿਭਾਗ ਨੇ ਭਲਕੇ ਬੁੱਧਵਾਰ ਲਈ ਵੀ ਨੈਨੀਤਾਲ, ਚੰਪਾਵਤ, ਊਧਮ ਸਿੰਘ ਨਗਰ, ਬਾਗੇਸ਼ਵਰ, ਪੌੜੀ ਟੀਹਰੀ, ਹਰਿਦੁਆਰ ਅਤੇ ਦੇਹਰਾਦੂਨ ਸਮੇਤ ਸੱਤ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਦੇ ਲੋਕਾਂ ਨੂੰ ਪਹਿਲਾਂ ਵੀ ਅਜਿਹੇ ਦੁਖਾਂਤ ਦਾ ਸਾਹਮਣਾ ਕਰਨਾ ਪਿਆ ਹੈ। 2013 ਵਿੱਚ ਕੇਦਾਰਨਾਥ ’ਚ ਹੜ੍ਹ ਆਏ ਸਨ ਅਤੇ 2021 ਵਿੱਚ ਚਮੋਲੀ ’ਚ ਗਲੇਸ਼ੀਅਰ ਫਟਿਆ ਸੀ।

ਗੰਗੋਤਰੀ ਜਾਣ ਵਾਲੇ ਵੱਡੇ ਗਿਣਤੀ ਲੋਕ ਧਰਾਲੀ ਵਿੱਚ ਠਹਿਰਦੇ ਹਨ। ਇੱਥੇ ਵੱਡੀ ਗਿਣਤੀ ਵਿੱਚ ਹੋਟਲ, ਰੈਸਤਰਾਂ ਅਤੇ ਹੋਮਸਟੇਅਜ਼ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਗਪਗ ਅੱਧਾ ਪਿੰਡ ਮਲਬੇ ਹੇਠਾਂ ਦੱਬਿਆ ਗਿਆ ਹੈ। ਰਾਹਤ ਕਰਮੀ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ।

Advertisement

ਖੀਰ ਗੰਗਾ ਨਦੀ ਦੇ ਕੈਚਮੈਂਟ ਖੇਤਰ ਵਿੱਚ ਬੱਦਲ ਫਟਣ ਕਰਕੇ ਭਿਆਨਕ ਹੜ੍ਹ ਆਉਣ ਮਗਰੋਂ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਸੂਬੇ ਦੇ ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ ਪਾਣੀ ਪਹਾੜੀ ਦੇ ਦੋ ਪਾਸਿਆਂ ਧਰਾਲੀ ਤੇ ਸੁੱਕੀ ਪਿੰਡਾਂ ਰਾਹੀਂ ਹੇਠਾਂ ਆਇਆ। ਸ਼ਾਮ ਤੱਕ ਮੀਂਹ ਜਾਰੀ ਰਹਿਣ ਕਾਰਨ ਬਚਾਅ ਕਾਰਜਾਂ ਵਿੱਚ ਵਿਘਨ ਪਿਆ ਹੈ।

ਢਿੱਗਾਂ ਡਿੱਗਣ ਕਾਰਨ ਪੰਜ ਕੌਮੀ ਮਾਰਗਾਂ ਤੇ ਸੱਤ ਰਾਜ ਮਾਰਗਾਂ ਸਮੇਤ 163 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਪ੍ਰਭਾਵਿਤ ਇਲਾਕੇ ਵਿੱਚ ਪਹੁੰਚਣ ਲਈ ਬਚਾਅ ਟੀਮਾਂ ਨੂੰ 140 ਕਿਲੋਮੀਟਰ ਲੰਮਾ ਪੈਂਡਾ ਤਹਿ ਕਰਕੇ ਆਉਣਾ ਪੈ ਰਿਹਾ ਹੈ। ਨੇੜਲੇ ਹਰਸਿਲ ਇਲਾਕੇ ਤੋਂ ਫ਼ੌਜ ਦੀ ਟੀਮ ਰਾਹਤ ਕਾਰਜਾਂ ਲਈ ਮੌਕੇ ’ਤੇ ਪਹੁੰਚ ਗਈ ਹੈ ਪਰ ਹੋਰਨਾਂ ਟੀਮਾਂ ਨੂੰ ਟੁੱਟੀਆਂ ਸੜਕਾਂ ਤੇ ਖ਼ਰਾਬ ਮੌਸਮ ਕਾਰਨ ਮੌਕੇ ’ਤੇ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਂਤ ਆਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ। ਲਾਪਤਾ ਵਿਅਕਤੀਆਂ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਹੈ ਪਰ ਇਹ ਗਿਣਤੀ ਕਾਫੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਉਤਰਾਖੰਡ ਦੇ ਪ੍ਰਿੰਸੀਪਲ ਸੈਕਟਰੀ ਆਰ ਕੇ ਸੁਧਾਂਸ਼ੂ ਨੇ ਕਿਹਾ ਕਿ 40 ਤੋਂ 50 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਕਾਰਨ ਹੈਲੀਕਾਪਟਰਾਂ ਦੀ ਮਦਦ ਵੀ ਨਹੀਂ ਲਈ ਜਾ ਸਕੀ। ਅਧਿਕਾਰੀਆਂ ਨੇ ਕਿਹਾ ਕਿ 16 ਮੈਂਬਰੀ ਇੰਡੋ-ਤਿੱਬਤੀ ਬਾਰਡਰ ਪੁਲੀਸ (ਆਈਟੀਬੀਪੀ) ਦੀ ਟੀਮ ਉਤਰਾਖੰਡ ਦੇ ਮੈਤਲੀ ਵਿੱਚ ਤਾਇਨਾਤ ਆਪਣੀ 12ਵੀਂ ਬਟਾਲੀਅਨ ਤੋਂ ਧਰਾਲੀ ਪਹੁੰਚ ਗਈ ਹੈ। ਉਸ ਦੀ ਇੱਕ ਹੋਰ ਯੂਨਿਟ ਨੂੰ ਵੀ ਆਫ਼ਤ ਵਾਲੀ ਥਾਂ ’ਤੇ ਜਾਣ ਲਈ ਕਿਹਾ ਗਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਹੜ੍ਹ ਦਾ ਪਾਣੀ ਪਿੰਡ ਵਿੱਚ ਵੜਦਾ ਨਜ਼ਰ ਆ ਰਿਹਾ ਹੈ। ਇਹ ਸੈਲਾਬ ਘਰਾਂ, ਸੜਕਾਂ ਅਤੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਗਿਆ। ਲੋਕਾਂ ਨੂੰ ਘਬਰਾਹਟ ਵਿੱਚ ਚੀਕਦੇ ਸੁਣਿਆ ਜਾ ਸਕਦਾ ਹੈ। ਆਈਟੀਬੀਪੀ ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ 37 ਪਿੰਡ ਵਾਸੀਆਂ (22 ਪੁਰਸ਼, 11 ਔਰਤਾਂ ਅਤੇ ਚਾਰ ਬੱਚੇ) ਨੂੰ ਹੋਰ ਏਜੰਸੀਆਂ ਨਾਲ ਤਾਲਮੇਲ ਕਰਕੇ ਬਚਾਇਆ ਗਿਆ ਅਤੇ ਕੋਪਾਂਗ ਵਿੱਚ ਆਈਟੀਬੀਪੀ ਦੀ ਸਰਹੱਦੀ ਚੌਕੀ ਵਿੱਚ ਸੁਰੱਖਿਅਤ ਢੰਗ ਨਾਲ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਦੇਹਰਾਦੂਨ ਵਿੱਚ ਸਟੇਟ ਡਿਜ਼ਾਸਟਰ ਅਪਰੇਸ਼ਨ ਸੈਂਟਰ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਬਚਾਅ ਏਜੰਸੀਆਂ ਨਾਲ ਉੱਚ ਪੱਧਰੀ ਮੀਟਿੰਗ ਮੀਟਿੰਗ ਕੀਤੀ। ਜੋਸ਼ੀਮੱਠ ਵਿੱਚ ਆਰਮੀ ਬ੍ਰਿਗੇਡ ਵਿੱਚ ਤਾਇਨਾਤ ਬ੍ਰਿਗੇਡੀਅਰ ਮਨਦੀਪ ਢਿੱਲੋਂ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਆਰਮੀ ਕੈਂਪ ਦਾ ਵੀ ਇੱਕ ਹਿੱਸਾ ਨੁਕਸਾਨਿਆ ਗਿਆ ਹੈ। ਇਸ ਦੇ ਬਾਵਜੂਦ ਫੌਜ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ ਅਤੇ ਪੀੜਤਾਂ ਦੀ ਮਦਦ ਲਈ ਦ੍ਰਿੜ੍ਹ ਹੈ।

ਪੀੜਤਾਂ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਾਲੀ ਵਿੱਚ ਆਏ ਹੜ੍ਹ ਕਾਰਨ ਜਾਨਾਂ ਗਵਾਉਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਐਕਸ ’ਤੇ ਕਿਹਾ, ‘ਮੈਂ ਉਤਰਕਾਸ਼ੀ ਦੇ ਧਰਾਲੀ ਵਿੱਚ ਇਸ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਮੁੱਖ ਮੰਤਰੀ ਪੁਸ਼ਕਰ ਧਾਮੀ ਨਾਲ ਗੱਲ ਕੀਤੀ ਹੈ ਅਤੇ ਸਥਿਤੀ ਬਾਰੇ ਜਾਣਕਾਰੀ ਲਈ ਹੈ।’ ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਟੀਮਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।’ -ਪੀਟੀਆਈ

ਸ਼ਾਹ ਨੇ ਮੁੱਖ ਮੰਤਰੀ ਧਾਮੀ ਨੂੰ ਫੋਨ ਕਰਕੇ ਸਥਿਤੀ ਦਾ ਜਾਇਜ਼ਾ ਲਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲਬਾਤ ਕਰਕੇ ਧਰਾਲੀ ਇਲਾਕੇ ਵਿੱਚ ਆਏ ਹੜ੍ਹ ਮਗਰੋਂ ਬਣੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤਾਂ ਦੀ ਮਦਦ ਲਈ ਸੱਤ ਬਚਾਅ ਟੀਮਾਂ ਭੇਜਣ ਦੇ ਹੁਕਮ ਵੀ ਦਿੱਤੇ। ਸ਼ਾਹ ਨੇ ਐਕਸ ’ਤੇ ਕਿਹਾ, ‘ਧਰਾਲੀ (ਉੱਤਰਕਾਸ਼ੀ) ਵਿੱਚ ਅਚਾਨਕ ਆਏ ਹੜ੍ਹ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਨੇੜੇ ਤਾਇਨਾਤ ਤਿੰਨ ਆਈਟੀਬੀਪੀ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਚਾਰ ਐੱਨਡੀਆਰਐੱਫ ਟੀਮਾਂ ਨੂੰ ਵੀ ਮੌਕੇ ’ਤੇ ਭੇਜਿਆ ਗਿਆ ਹੈ।’

ਢਿੱਗਾਂ ਡਿੱਗਣ ਨਾਲ ਪਠਾਨਕੋਟ-ਮੰਡੀ ਕੌਮੀ ਸ਼ਾਹਰਾਹ ਬੰਦ

ਧਰਮਸ਼ਾਲਾ: ਇਥੇ ਸ਼ਾਹਪੁਰ ਅਤੇ ਕੋਟਲਾ ਵਿਚਕਾਰ ਮੰਗਲਵਾਰ ਰਾਤ ਨੂੰ ਭਾਲੀ ਨੇੜੇ ਜ਼ਮੀਨ ਦਾ ਇਕ ਵੱਡਾ ਹਿੱਸਾ ਖਿਸਕਣ ਕਾਰਨ ਪਠਾਨਕੋਟ-ਮੰਡੀ ਕੌਮੀ ਸ਼ਾਹਰਾਹ (ਚਾਰ-ਮਾਰਗੀ) ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਇਸ ਨਾਲ ਪਠਾਨਕੋਟ, ਕਾਂਗੜਾ, ਚੰਬਾ ਅਤੇ ਧਰਮਸ਼ਾਲਾ ਸ਼ਹਿਰਾਂ ਵਿਚਕਾਰ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਜ਼ਿਲ੍ਹਾ ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਆਵਾਜਾਈ ਨੂੰ ਬਦਲਵੇਂ ਰੂਟਾਂ ਰਾਹੀਂ ਡਾਈਵਰਟ ਕੀਤਾ ਹੈ।

Advertisement
×