ਮੰਡੀ ਵਿਚ ਬੱਦਲ ਫਟਿਆ, ਕੀਰਤਪੁਰ-ਮਨਾਲੀ ਸੜਕ ਬੰਦ, ਜਾਇਦਾਦ ਨੂੰ ਨੁਕਸਾਨ ਪੁੱਜਾ
ਮੰਡੀ ਜ਼ਿਲ੍ਹੇ ਦੇ ਸ਼ਾਲਾਨਲ ਨਾਲੇ ਵਿਚ ਐਤਵਾਰ ਸਵੇਰੇ ਭਾਰੀ ਬੱਦਲ ਫਟਣ ਨਾਲ ਵਿਆਪਕ ਤਬਾਹੀ ਹੋਈ। ਟਾਕੋਲੀ ਵਿਚ ਕੀਰਤਪੁਰ-ਮਨਾਲੀ ਚਹੁੰਮਾਰਗੀ ਰਸਤੇ ’ਤੇ ਪਾਣੀ ਅਤੇ ਮਲਬਾ ਭਰ ਗਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ।
ਬੱਦਲ ਫਟਣ ਕਾਰਨ ਬੁਨਿਆਦੀ ਢਾਂਚਾ ਫਰਮ ਐਫਕੋਨ ਦੇ ਦਫ਼ਤਰ ਅਤੇ ਕਲੋਨੀ ਦੇ ਆਲੇ-ਦੁਆਲੇ ਕੰਧਾਂ ਢਹਿ ਗਈਆਂ, ਅਤੇ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਭੱਜ ਗਏ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਕਈ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ।
ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਮੰਡੀ ਅਤੇ ਕੁੱਲੂ ਵਿਚਕਾਰ ਝਲੋਗੀ ਵਿਖੇ ਕੀਰਤਪੁਰ-ਮਨਾਲੀ ਹਾਈਵੇਅ ਬੰਦ ਹੋ ਗਿਆ। ਜ਼ਿਲ੍ਹਾ ਪੁਲੀਸ ਨੇ ਹਾਲਾਤ ਨੂੰ ਸੰਭਾਲਣ ਅਤੇ ਬਹਾਲੀ ਦਾ ਕੰਮ ਸ਼ੁਰੂ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਹਨ। ਅਧਿਕਾਰੀਆਂ ਅਨੁਸਾਰ ਹਾਈਵੇਅ ਨੂੰ ਸਾਫ਼ ਕਰਨ ਵਿੱਚ ਚਾਰ ਤੋਂ ਪੰਜ ਘੰਟੇ ਲੱਗ ਸਕਦੇ ਹਨ।
ਮੰਡੀ ਅਤੇ ਕੁੱਲੂ ਵਿਚਕਾਰ ਕਟੌਲਾ-ਕਮੰਡ ਰਾਹੀਂ ਬਦਲਵਾਂ ਰਸਤਾ ਵੀ ਪ੍ਰਭਾਵਿਤ ਹੋਇਆ ਹੈ, ਪਰ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਨੂੰ ਜਲਦੀ ਹੀ ਹਲਕੇ ਮੋਟਰ ਵਾਹਨਾਂ ਲਈ ਬਹਾਲ ਕਰ ਦਿੱਤਾ ਜਾਵੇਗਾ।
ਮੰਡੀ ਪੁਲੀਸ ਨੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਯਾਤਰੀਆਂ ਨੂੰ ਚੌਕਸ ਰਹਿਣ ਅਤੇ ਅਧਿਕਾਰਤ ਅਪਡੇਟਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪੰਡੋਹ ਵਿਚ ਡੈਮ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਟਕੋਲੀ ਖੇਤਰ ਵਿੱਚ ਬੱਦਲ ਫਟਣ ਤੋਂ ਬਾਅਦ ਡੈਮ ਤੋਂ ਪਾਣੀ ਛੱਡਿਆ ਜਾ ਸਕਦਾ ਹੈ।