ਜੰਮੂ, 14 ਅਗਸਤ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਮਚੈਲ ਮਾਤਾ ਮੰਦਰ ਮਾਰਗ ’ਤੇ ਇੱਕ ਦੂਰ-ਦਰਾਜ ਦੇ ਪਿੰਡ ’ਚ ਅੱਜ ਬੱਦਲ ਫਟਣ ਕਾਰਨ ਘੱਟੋ ਘੱਟ 46 ਵਿਅਕਤੀਆਂ ਦੀ ਮੌਤ ਹੋ ਗਈ ਤੇ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਹੜ੍ਹ ਆਉਣ ਕਾਰਨ ਵੱਡੀ ਗਿਣਤੀ ਲੋਕ ਘਟਨਾ ਸਥਾਨ ’ਤੇ ਫਸ ਗਏ ਹਨ। ਇਸ ਘਟਨਾ ਮਗਰੋਂ ਮੰਦਰ ਦੀ ਸਾਲਾਨਾ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਤੱਕ 167 ਵਿਅਕਤੀਆਂ ਨੂੰ ਬਚਾਇਆ ਗਿਆ ਹੈ ਜਿਨ੍ਹਾਂ ’ਚੋਂ 38 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿੱਚ ਸੀਆਈਐੱਸਐੱਫ ਦੇ ਦੋ ਜਵਾਨ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ, ਐੱਸਡੀਆਰਐੱਫ, ਪੁਲੀਸ, ਸੈਨਾ ਤੇ ਸਥਾਨਕ ਲੋਕਾਂ ਵੱਲੋਂ ਬਚਾਅ ਮੁਹਿੰਮ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਦਲ ਚਸ਼ੋਤੀ ’ਚ ਫਟਿਆ ਜੋ ਮੰਦਰ ਮਾਰਗ ’ਤੇ ਸਥਿਤ ਅਜਿਹਾ ਆਖਰੀ ਪਿੰਡ ਹੈ ਜਿੱਥੇ ਕਿਸੇ ਵਾਹਨ ਰਾਹੀਂ ਪਹੁੰਚਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਸ਼ੋਤੀ ’ਚ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ ਇੱਕ ਵਜੇ ਵਿਚਾਲੇ ਉਸ ਸਮੇਂ ਬੱਦਲ ਫਟਿਆ ਜਦੋਂ ਵੱਡੀ ਗਿਣਤੀ ’ਚ ਲੋਕ ਮਚੈਲ ਮਾਤਾ ਮੰਦਰ ਦੀ ਯਾਤਰਾ ਲਈ ਇਕੱਠੇ ਹੋਏ ਸਨ। ਚਸ਼ੋਤੀ ਤੋਂ ਮੰਦਰ ਦੀ ਦੂਜੀ 8.5 ਕਿਲੋਮੀਟਰ ਹੈ ਜਿਥੋਂ ਤਕ ਲੋਕ ਪੈਦਲ ਜਾਂਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ 30 ਲਾਸ਼ਾਂ ਬਰਾਮਦ ਹੋਈਆਂ ਹਨ ਤੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਚਸ਼ੋਤੀ ਕਿਸ਼ਤਵਾੜ ਤੋਂ ਤਕਰੀਬਨ 90 ਕਿਲੋਮੀਟਰ ਦੂਰ 9500 ਫੁੱਟ ਦੀ ਉਚਾਈ ’ਤੇ ਸਥਿਤ ਹੈ। ਸ਼ਰਧਾਲੂਆਂ ਲਈ ਲਾਏ ਗਏ ਲੰਗਰ ਨੂੰ ਵੀ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿੱਚ ਦੁਕਾਨਾਂ ਤੇ ਸੁਰੱਖਿਆ ਚੌਕੀ ਸਮੇਤ ਕਈ ਢਾਂਚੇ ਨੁਕਸਾਨੇ ਗਏ ਹਨ। ਘਟਨਾ ਤੋਂ ਤੁਰੰਤ ਬਾਅਦ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਬਚਾਅ ਟੀਮਾਂ ਮੌਕੇ ’ਤੇ ਰਵਾਨਾ ਕੀਤੀਆਂ ਤੇ ਖੁਦ ਵੀ ਹਾਲਾਤ ਦੀ ਸਮੀਖਿਆ ਲਈ ਘਟਨਾ ਸਥਾਨ ’ਤੇ ਪੁੱਜੇ। ਜ਼ਿਲ੍ਹੇ ਦੇ ਐੱਸਐੱਸਪੀ ਵੀ ਉਨ੍ਹਾਂ ਦੇ ਨਾਲ ਸਨ।
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਐਕਸ ’ਤੇ ਕਿਹਾ, ‘ਚਸ਼ੋਤੀ ਖੇਤਰ ’ਚ ਬੱਦਲ ਫਟਣ ਦੀ ਵੱਡੀ ਘਟਨਾ ਵਾਪਰੀ ਹੈ ਜਿਸ ਨਾਲ ਭਾਰੀ ਜਾਨ-ਮਾਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਪ੍ਰਸ਼ਾਸਨ ਕਾਰਵਾਈ ’ਚ ਜੁਟ ਗਿਆ ਹੈ ਤੇ ਬਚਾਅ ਟੀਮਾਂ ਘਟਨਾ ਸਥਾਨ ਲਈ ਰਵਾਨਾ ਹੋ ਗਈਆਂ ਹਨ।’ ਉਨ੍ਹਾਂ ਦੱਸਿਆ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਘਟਨਾ ’ਚ ਹੋਏ ਜਾਨ-ਮਾਲ ਦੇ ਨੁਕਸਾਨ ’ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਮੰਚ ’ਤੇ ‘ਐਕਸ’ ’ਤੇ ਲਿਖਿਆ, ‘ਕਿਸ਼ਤਵਾੜ ਦੇ ਚਸ਼ੋਤੀ ’ਚ ਬੱਦਲ ਫਟਣ ਦੀ ਘਟਨਾ ਕਾਰਨ ਦੁਖੀ ਹਾਂ। ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਨੀਮ ਫੌਜੀ, ਪੁਲੀਸ, ਸੈਨਾ, ਐੱਨਡੀਆਰਐੱਫ ਤੇ ਐੱਸਡੀਆਰਐੱਫ ਅਧਿਕਾਰੀਆਂ ਨੂੰ ਬਚਾਅ ਤੇ ਰਾਹਤ ਕਾਰਜ ਤੇਜ਼ ਕਰਨ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।’ -ਪੀਟੀਆਈ
ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਤੇ ਹੈਲਪ ਡੈਸਕ ਸਥਾਪਤ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਬੱਦਲ ਫਟਣ ਦੀ ਘਟਨਾ ਮਗਰੋਂ ਲੋਕਾਂ ਤੇ ਸ਼ਰਧਾਲੂਆਂ ਦੀ ਮਦਦ ਲਈ ਕੰਟਰੋਲ ਰੂਮ ਤੇ ਹੈਲਪ ਡੈਸਕ ਸਥਾਪਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ਲਈ ਪੰਜ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਲੋਕ 9858223125, 6006701934, 9797504078, 8492886895, 8493801381 ਅਤੇ 7006463710 ’ਤੇ ਸੰਪਰਕ ਕਰ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਕੰਟਰੋਲ ਰੂਮ ਦੇ ਨੰਬਰ 01995-259555 ਤੇ 9484217492 ਹਨ ਅਤੇ ਕਿਸ਼ਤਵਾੜ ਦੇ ਪੁਲੀਸ ਕੰਟਰੋਲ ਰੂਮ ਦਾ ਨੰਬਰ 9906154100 ਹੈ। -ਪੀਟੀਆਈ
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰਾਂ ਨੇ ਕਿਸ਼ਤਵਾੜ ’ਚ ਵਾਪਰੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਨੇ ਐਕਸ ’ਤੇ ਕਿਹਾ, ‘ਜੰਮੂ ਕਸ਼ਮੀਰ ਦੇ ਕਿਸ਼ਤਵਾੜ ’ਚ ਬੱਦਲ ਫਟਣ ਦੀ ਘਟਨਾ ’ਚ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਬਹੁਤ ਦੁੱਖ ਦੇਣ ਵਾਲੀ ਹੈ। ਮੈਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦੀ ਹਾਂ ਅਤੇ ਰਾਹਤ ਤੇ ਬਚਾਅ ਕਾਰਜਾਂ ’ਚ ਕਾਮਯਾਬੀ ਦੀ ਕਾਮਨਾ ਕਰਦੀ ਹਾਂ।’ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਕਿਹਾ, ‘ਜੰਮੂ ਕਸ਼ਮੀਰ ਦੇ ਕਿਸ਼ਤਵਾੜ ’ਚ ਬੱਦਲ ਫਟਣ ਤੇ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਪ੍ਰਤੀ ਮੇਰੀ ਹਮਦਰਦੀ ਤੇ ਪ੍ਰਾਰਥਨਾਵਾਂ ਹਨ। ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹਨ।’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ ’ਤੇ ਕਿਹਾ ਕਿ ਕਿਸ਼ਤਵਾੜ ਜ਼ਿਲ੍ਹੇ ’ਚ ਬੱਦਲ ਫਟਣ ਦੀ ਘਟਨਾ ਬਾਰੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜ ਚਲਾ ਰਿਹਾ ਹੈ। ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ
ਉਮਰ ਅਬਦੁੱਲਾ ਨੇ ਸ਼ਾਹ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ
ਜੰਮੂ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਸ਼ਤਵਾੜ ਜ਼ਿਲ੍ਹੇ ’ਚ ਬੱਦਲ ਫਟਣ ਦੀ ਘਟਨਾ ਮਗਰੋਂ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਹੀ ਜਾਣਕਾਰੀ ਪ੍ਰਾਪਤ ਹੋਣ ਵਿੱਚ ਦੇਰੀ ਹੋ ਰਹੀ ਹੈ। ਮੁੱਖ ਮੰਤਰੀ ਨੇ ਐਕਸ ’ਤੇ ਕਿਹਾ, ‘ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਜੰਮੂ ਦੇ ਕਿਸ਼ਤਵਾੜ ਖੇਤਰ ’ਚ ਸਥਿਤੀ ਬਾਰੇ ਜਾਣੂ ਕਰਵਾਇਆ ਹੈ।’ ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਦੇ ਪ੍ਰਬੰਧਨ ਲਈ ਜੰਮੂ ਕਸ਼ਮੀਰ ਦੇ ਅੰਦਰ ਤੇ ਬਾਹਰ ਹਰ ਤਰ੍ਹਾਂ ਦੇ ਸੰਭਵ ਸਰੋਤ ਜੁਟਾਏ ਜਾ ਰਹੇ ਹਨ। -ਪੀਟੀਆਈ