ਸੀਜੇਆਈ ਨੇ ਦੋ ਨਵੇਂ ਜੱਜਾਂ ਨੂੰ ਹਲਫ਼ ਦਿਵਾਇਆ, 34 ਜੱਜਾਂ ਨਾਲ ਸੁਪਰੀਮ ਕੋਰਟ ਦੀ ਕੁੱਲ ਨਫ਼ਰੀ ਪੂਰੀ ਹੋਈ
ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਨੇ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਆਲੋਕ ਅਰਾਧੇ ਅਤੇ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਵਿਪੁਲ ਮਨੂਭਾਈ ਪੰਚੋਲੀ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁਕਾਈ। ਦੋ ਨਵਨਿਯੁਕਤ ਜੱਜਾਂ ਦੇ ਅਹੁਦਾ ਸੰਭਾਲਣ ਨਾਲ ਸੁਪਰੀਮ ਕੋਰਟ ਵਿਚ ਸੀਜੇਆਈ ਸਣੇ ਕੁੱਲ ਜੱਜਾਂ ਦੀ ਗਿਣਤੀ 34 ਹੋ ਗਈ ਹੈ, ਜੋ ਮਨਜ਼ੂਰਸ਼ੁਦਾ ਹੱਦ ਹੈ।
ਜਸਟਿਸ ਪੰਚੋਲੀ ਅਕਤੂਬਰ 2031 ਵਿੱਚ ਜਸਟਿਸ ਜੋਇਮਲਿਆ ਬਾਗਚੀ ਦੀ ਸੇਵਾਮੁਕਤੀ ਤੋਂ ਬਾਅਦ ਸੀਜੇਆਈ ਬਣਨ ਦੀ ਦੌੜ ਵਿਚ ਹਨ ਅਤੇ ਡੇਢ ਸਾਲ ਲਈ ਸਿਖਰਲੇ ਨਿਆਂਇਕ ਅਹੁਦੇ ’ਤੇ ਰਹਿਣਗੇ। ਸੁਪਰੀਮ ਕੋਰਟ ਦੇ ਜੱਜਾਂ, ਵਕੀਲਾਂ ਅਤੇ ਸਿਖਰਲੇ ਅਦਾਲਤ ਦੇ ਰਜਿਸਟਰੀ ਸਟਾਫ਼ ਦੀ ਹਾਜ਼ਰੀ ਵਿੱਚ ਸਹੁੰ ਚੁੱਕ ਸਮਾਗਮ ਸਿਰਫ਼ 10 ਮਿੰਟ ਚੱਲਿਆ।
ਕੇਂਦਰ ਨੇ ਬੁੱਧਵਾਰ ਨੂੰ ਜਸਟਿਸ ਅਰਾਧੇ ਅਤੇ ਜਸਟਿਸ ਪੰਚੋਲੀ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਦੋਂ ਕਿ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਉਨ੍ਹਾਂ ਦੀ ਤਰੱਕੀ ਦੀ ਸਿਫ਼ਾਰਸ਼ ਕੀਤੇ ਜਾਣ ਤੋਂ ਸਿਰਫ਼ ਦੋ ਦਿਨ ਬਾਅਦ ਹੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ।
ਜਸਟਿਸ ਅਰਾਧੇ ਅਤੇ ਜਸਟਿਸ ਪੰਚੋਲੀ ਦੇ ਨਾਵਾਂ ਦੀ ਸਿਫ਼ਾਰਸ਼ ਸਬੰਧੀ ਫੈਸਲਾ ਸੋਮਵਾਰ ਨੂੰ ਸੀਜੇਆਈ ਗਵਈ ਦੀ ਅਗਵਾਈ ਵਾਲੇ ਪੰਜ ਮੈਂਬਰੀ ਕੌਲਿਜੀਅਮ ਨੇ ਲਿਆ ਸੀ। ਕੌਲਿਜੀਅਮ ਦੇ ਹੋਰਨਾਂ ਮੈਂਬਰਾਂ ਵਿੱਚ ਜਸਟਿਸ ਸੂਰਿਆ ਕਾਂਤ, ਜਸਟਿਸ ਵਿਕਰਮ ਨਾਥ, ਜਸਟਿਸ ਜੇਕੇ ਮਹੇਸ਼ਵਰੀ ਅਤੇ ਜਸਟਿਸ ਬੀਵੀ ਨਾਗਰਤਨਾ ਸ਼ਾਮਲ ਹਨ।
ਕੌਲਿਜੀਅਮ ਵਿਚ ਸ਼ਾਮਲ ਇਕਲੌਤੀ ਮਹਿਲਾ ਜੱਜ ਜਸਟਿਸ ਨਾਗਰਤਨਾ ਨੇ ਕਥਿਤ ਤੌਰ ’ਤੇ ਜਸਟਿਸ ਪੰਚੋਲੀ ਦੀ ਸੁਪਰੀਮ ਕੋਰਟ ਵਿੱਚ ਤਰੱਕੀ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਇਹ ਨਿਆਂ ਪ੍ਰਸ਼ਾਸਨ ਲਈ ‘ਮੁਨਾਸਬ’ ਹੋਵੇਗਾ ਅਤੇ ਕੌਲਿਜੀਅਮ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਖਤਮ ਕਰ ਦੇਵੇਗਾ। ਕੈਂਪੇਨ ਫਾਰ ਜੁਡੀਸ਼ੀਅਲ ਅਕਾਊਂਟੇਬਿਲਿਟੀ ਐਂਡ ਰਿਫਾਰਮਜ਼ (ਸੀਜੇਏਆਰ) ਅਤੇ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਵੀ ਕੌਲਿਜੀਅਮ ਦੇ ਫੈਸਲੇ ’ਤੇ ਸਵਾਲ ਉਠਾਏ ਸਨ।